ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ (Punjab Assembly Election 2022) ਛੋਟੀਆਂ ਛੋਟੀਆਂ ਘਟਨਾਵਾਂ ਦੌਰਾਨ ਨਿਪਟ ਗਈਆਂ ਹਨ। 68 ਫੀਸਦੀ ਤੋਂ ਵੱਧ ਵੋਟਰਾਂ ਨੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਮਸ਼ੀਨਾਂ ਵਿਚ ਬੰਦ ਕਰ ਦਿੱਤਾ ਹੈ।
117 ਅਸੈਂਬਲੀ ਸੀਟਾਂ ਲਈ ਕੁੱਲ 1304 ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚ 93 ਔਰਤਾਂ ਤੇ 2 ਟਰਾਂਸਜੈਂਡਰ ਸਨ। ਸੂਬੇ ਦੇ ਦਿਹਾਤੀ ਖੇਤਰਾਂ ਦੇ ਵੋਟਰਾਂ ਨੇ ਪੁਰਾਣੀ ਰਵਾਇਤ ਕਾਇਮ ਰੱਖਦਿਆਂ ਖੁੱਲ੍ਹ ਕੇ ਵੋਟਾਂ ਪਾਈਆ ਜਦੋਂ ਕਿ ਸ਼ਹਿਰੀ ਖੇਤਰਾਂ ਵਿੱਚ ਵੋਟਾਂ ਦੇ ਭੁਗਤਾਨ ਦਾ ਅਮਲ ਪਿੰਡਾਂ ਦੇ ਮੁਕਾਬਲੇ ਘੱਟ ਰਿਹਾ ਹੈ। ਪੰਜਾਬ ਵਿੱਚ ਐਤਕੀਂ ਕਾਂਗਰਸ, ਆਪ, ਸ਼੍ਰੋਮਣੀ ਅਕਾਲੀ ਦਲ-ਬਸਪਾ, ਭਾਜਪਾ-ਪੰਜਾਬ ਲੋਕ ਕਾਂਗਰਸ-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸਿਆਸੀ ਫਰੰਟ ਸੰਯੁਕਤ ਸਮਾਜ ਮੋਰਚਾ (ਐੱਸਐੱਸਐੱਮ) ਵਿਚਾਲ ਬਹੁਕੋਣੀ ਮੁਕਾਬਲਾ ਸੀ। ਕਿਸਾਨ ਅੰਦੋਲਨ ਤੋਂ ਬਾਅਦ ਹੋਈਆਂ ਇਨ੍ਹਾਂ ਚੋਣਾਂ ਵਿੱਚ ਕਿਸਾਨ ਆਗੂ ਉਮੀਦਵਾਰ ਤਾਂ ਸਨ, ਪਰ ਕਿਸਾਨ ਮਸਲੇ ਮੁੱਦੇ ਵਜੋਂ ਨਜ਼ਰ ਨਹੀਂ ਆਏ।
ਇਹ ਵੀ ਪੜੋ: ਅਕਾਲੀ ਦਲ ਅਤੇ ਭਾਜਪਾ ਦਰਮਿਆਣ ਗਠਜੋੜ ਸੁਰਜੀਤ ਹੋਣ ਦੀਆਂ ਸੰਭਾਵਨਾਵਾਂ ਵਧੀਆਂ
ਲੋਕਾਂ ਦਾ ਰੁਝਾਨ ਅਤੇ ਮੁੱਦੇ
ਜਦ ਤੋਂ ਪੰਜਾਬ ਦਾ ਪੁਨਰਗਠਨ ਹੋਇਆ ਤਦ ਤੋਂ ਹੀ ਘੱਟ ਅਤੇ ਵੱਧ ਚੋਣਾਂ ਨੇ ਸਰਕਾਰਾਂ ਦੇ ਭਵਿੱਖ ਬਾਰੇ ਤੈਅ ਕੀਤਾ। ਜਿਆਦਾਤਰ ਜਦ ਵੀ ਵੋਟ ਫੀਸਦੀ ਘਟਿਆ ਤਾਂ ਸਰਕਾਰਾਂ ਬਦਲੀਆਂ ਹਨ ਅਤੇ ਜਦ ਵੀ ਮਤਦਾਨ ਜਿਆਦਾ ਹੋਇਆ, ਤਦ ਹੀ ਸਰਕਾਰ ਨੂੰ ਮੁੜ ਮੌਕਾ ਮਿਲਿਆ। ਸਾਲ 1972 ਵਿੱਚ ਪਿਛਲੀਆਂ ਚੋਣਾਂ 1967 ਦੇ ਮੁਕਾਬਲੇ ਮਤਦਾਨ ਘੱਟ ਹੋਇਆ ਤਾਂ ਸਰਕਾਰ ਬਦਲ ਗਈ। ਇਸੇ ਤਰ੍ਹਾਂ ਸਾਲ 1969 ਵਿਚ ਮਤਦਾਨ ਫੀਸਦੀ ਵਧਿਆ ਤਾਂ ਇਕੋਂ ਹੀ ਪਾਰਟੀ ਦੀ ਸਰਕਾਰ ਮੁੜ ਬਣੀ।
ਸਾਲ 2012 ਵਿਚ ਵੀ ਮਤਦਾਨ ਫੀਸਦੀ ਵਿਚ ਵਾਧੇ ਸਦਕਾ ਸਰਕਾਰ ਦੁਹਰਾਈ ਗਈ, ਜਦਕਿ ਸਾਲ 1972, 1977,1997 ਅਤੇ ਸਾਲ 2002 ਵਿਚ ਮਤਦਾਨ ਫੀਸਦੀ ਤੁਲਨਾਤਮਕ ਘੱਟ ਰਿਹਾ ਅਤੇ ਸਰਕਾਰ ਤਬਦੀਲ ਹੋਈ, ਪਰ ਸਾਲ 1980, 1985, 1992 ਅਤੇ 1997 ਵਿੱਚ ਇਹ ਟਰੈਂਡ ਬਦਲਿਆ।
ਇਸ ਵਾਰ ਮਤਦਾਨ ਸਮੇਂ ਉਹ ਕਈ ਮੁੱਦੇ ਗਾਇਬ ਨਜ਼ਰ ਆਏ ਜੋ ਪੰਜਾਬ ਵਿਚ ਅੰਦੋਲਣ ਦਾ ਕਾਰਣ ਬਣੇ। ਇਕ ਸਾਲ ਕਿਸਾਨ ਅੰਦੋਲਣ ਚੱਲਿਆ, ਪਰ ਮਤਦਾਨ ਦੌਰਾਨ ਕਿਸੇ ਵੀ ਵੋਟਰ ਨੇ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਨਹੀਂ ਮਾਰਿਆ ਜਾਂ ਕਿਸਾਨ ਦੇ ਹੱਕ ਵਿਚ ਭੁਗਤਨ ਦੀ ਗੱਲ ਨਹੀਂ ਕਹੀ।
ਵੈਸੇ ਤਾਂ ਚੋਣ ਨਤੀਜੇ ਹੀ ਦੱਸਣਗੇਂ ਕਿ ਚੋਣਾਂ ਵਿਚ ਹਿੱਸਾ ਲੈ ਰਹੇ ਕਿਸਾਨ ਸੰਗਠਨਾਂ ਦੇ ਉਮੀਦਵਾਰਾਂ ਨੂੰ ਕਿੰਨੀਆਂ ਵੋਟਾਂ ਮਿਲੀਆ। ਇਨ੍ਹਾਂ ਵੋਟਾਂ ਵਿਚ ਜਿਆਦਾਤਰ ਵੋਟਰਾਂ ਨੇ ਉਮੀਦਵਾਰਾਂ ਦੇ ਅਕਸ ਨੂੰ ਆਧਾਰ ਬਣਾ ਕੇ ਹੀ ਮਤਦਾਨ ਕੀਤਾ। ਕਿਸੇ ਵੀ ਉਮੀਦਵਾਰ ਦੀ ਪਾਰਟੀ ਵਿਰੁੱਧ ਬੋਲਣ ਵਾਲੇ ਘੱਟ ਲੋਕ ਸਨ, ਪਰ ਉਮੀਦਵਾਰਾਂ ਵਿਰੁੱਧ ਖਾਸ ਕਰਕੇ ਸੱਤਾਧਾਰੀ ਪਾਰਟੀ ਕਾਂਗਰਸ ਦੇ ਨਿਵਰਤਮਾਨ ਵਿਧਾਇਕਾਂ ਅਤੇ ਉਮੀਦਵਾਰਾਂ ਵਿਰੁੱਧ ਡਰੱਗ, ਰੇਤ ਮਾਫ਼ੀਆ ਵਿਰੁੱਧ ਲੋਕ ਖੁੱਲ੍ਹ ਕੇ ਬੋਲੇ।
ਕਿੰਨਾਂ ਕਿੰਨਾਂ ਆਗੂਆ ਦਾ ਭਵਿੱਖ ਹੈ ਦਾਅ 'ਤੇ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਆਪ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ, ਸਾਬਕਾ ਮੁੱਖ ਮੰਤਰੀਆਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਤੇ ਰਾਜਿੰਦਰ ਕੌਰ ਭੱਠਲ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਸਿਮਰਨਜੀਤ ਸਿੰਘ ਮਾਨ 'ਤੇ ਨ ਅਤੇ ਹੋਰਾਂ ਦਾ ਭਵਿੱਖ ਦਾਅ 'ਤੇ ਹੈ।
ਅਕਾਲੀ ਦਲ ਵੱਲੋਂ ਦਾਅ
ਸਾਲ 2017 ਦੀਆਂ ਚੋਣਾਂ ਵੀ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਲੜੀਆਂ ਸਨ, ਤਦ ਅਕਾਲੀ ਦਲ ਸੱਤਾ ਤੋਂ ਬਾਹਰ ਹੋ ਗਿਆ ਸੀ। ਉਸ ਸਮੇਂ ਵੀ ਸੁਖਬੀਰ ਸਿੰਘ ਬਾਦਲ ਨੂੰ ਹਾਰ ਦੀ ਜਿੰਮੇਂਵਾਰ ਲੈ ਕੇ ਪ੍ਰਧਾਨਗੀ ਛੱਡਣ ਦਾ ਦਬਾਅ ਵਧਿਆ ਸੀ। ਅਜਿਹਾ ਨਹੀਂ ਹੋਇਆ ਤਾਂ ਕਈ ਟਕਸਾਲ ਆਗੂ ਪਾਰਟੀ ਛੱਡ ਗਏ ਸਨ। ਇਸ ਵਾਰ ਅਕਾਲੀ ਦਲ ਦਾ ਪ੍ਰਦਰਸ਼ਨ ਤੈਅ ਕਰੇਗਾ ਕਿ ਸੁਖਬੀਰ ਸਿੰਘ ਬਾਦਲ ਵਿੱਚ ਪਾਰਟੀ ਨੂੰ ਜੋੜ ਕੇ ਰੱਖਣ ਦੀ ਰਣਨੀਤੀ ਹੈ ਜਾਂ ਨਹੀਂ। ਅਕਾਲੀ ਦਲ ਸੁਪਰੀਮੋਂ ਪ੍ਰਕਾਸ਼ ਸਿੰਘ ਬਾਦਲ ਲਈ ਸ਼ਾਇਦ ਇਹ ਚੋਣ ਹੀ ਆਖਰੀ ਚੋਣ ਹੋਵੇਗੀ। ਇਸ ਤੋਂ ਬਾਅਦ ਉਹ ਚੋਣ ਲੜਣਗੇਂ, ਇਸਦੀ ਸੰਭਾਵਨਾ ਘੱਟ ਜਾਪਦੀ ਹੈ।
ਇਹ ਵੀ ਪੜੋ: ਭਾਜਪਾ ਨਾਲ ਗਠਜੋੜ ਨੂੰ ਲੈ ਕੇ ਮਜੀਠੀਆ ਦਾ ਬਿਆਨ, ਕਿਹਾ...
ਕਾਂਗਰਸ ਨੇ ਚੰਨੀ ’ਤੇ ਖੇਡਿਆ ਦਾਅ
ਕਾਂਗਰਸ ਨੇ ਪਾਰਟੀ ਦੇ ਨਾਮੀ ਚਿਹਰਿਆ ਸੁਨੀਲ ਜਾਖੜ, ਨਵਜੋਤ ਸਿੰਘ ਸਿੱਧੂ ਆਦਿ ਨੂੰ ਪਾਸੇ ਕਰਕੇ ਚਰਨਜੀਤ ਸਿੰਘ ਚੰਨੀ 'ਤੇ ਦਾਅ ਖੇਡਿਆ ਹੈ। ਚੰਨੀ ਦੀ ਰਹਿਨੁਮਾਈ ਹੇਠ ਲੜੀਆਂ ਚੋਣਾਂ ਪਿੱਛੇ ਰਾਹੁਲ ਗਾਂਧੀ ਦੀ ਰਹਿਨੁਮਾਈ ਦਾ ਵੀ ਫੈਸਲਾ ਹੋਣਾ ਹੈ ਕਿ ਉਹ ਕਾਂਗਰਸ ਦੀ ਰਹਿਨੁਮਾਈ ਕਰਨ ਵਿਚ ਸਫ਼ਲ ਹਨ ਜਾਂ ਨਹੀਂ। ਦੂਜਾ ਦਲਿਤ ਰਾਜਨੀਤੀ ਵਿਚ ਕਾਂਗਰਸ ਆਪਣੀ ਪੈਠ ਮੁੜ ਤੋਂ ਬਣਾ ਸਕੇਗੀ ਜਾਂ ਨਹੀਂ।
ਆਪ ਨੇ ਭਗਵੰਤ ਮਾਨ ’ਤੇ ਖੇਡਿਆ ਦਾਅ
ਆਮ ਆਦਮੀ ਪਾਰਟੀ ਨੇ ਭਗਵੰਤ ਮਾਨ 'ਤੇ ਦਾਅ ਖੇਡਿਆ ਹੈ। ਸਾਲ 2017 ਅਤੇ ਇਸ ਵਾਰ ਵੀ ਪਾਰਟੀ ਨੇ ਕਾਫ਼ੀ ਜੋਰ ਸ਼ੋਰ ਨਾਲ ਚੋਣ ਲੜੀ ਹੈ। ਚੋਣ ਨਤੀਜੇ ਤੈਅ ਕਰਣਗੇਂ ਕਿ ਆਮ ਆਦਮੀ ਪਾਰਟੀ ਭਵਿੱਖ ਵਿਚ ਚੋਣਾਂ ਇਸੇ ਸ਼ਿੱਦਤ ਨਾਲ ਲੜੇਗੀ ਜਾਂ ਫਿਰ ਆਮ ਵਾਂਗ। ਮੁੱਖ ਮੰਤਰੀ ਦਾ ਚਿਹਰਾ ਐਲਾਣਿਆ ਜਾਣਾ ਪਾਰਟੀ ਲਈ ਠੀਕ ਰਿਹਾ ਜਾਂ ਨਹੀਂ, ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਾਰਟੀ ਦਾ ਭਵਿੱਖ ਵੀ ਇਨ੍ਹਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਤੈਅ ਕਰਣਗੇਂ। ਅਕਸਰ ਹੀ ਘੱਟ ਵੋਟਾਂ ਪੈਣ ਤੇ ਅਜਿਹੀਆਂ ਪਾਰਟੀਆਂ ਕਿਸੇ ਵੱਡੀ ਪਾਰਟੀ ਵਿਚ ਸ਼ਾਮਲ ਹੋ ਜਾਇਆ ਕਰਦੀਆਂ ਹਨ।
ਖੁਦ ਵੀ ਵੋਟ ਨਹੀਂ ਪਾ ਸਕੇ ਉਮੀਦਵਾਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵੋਟ ਮੁਹਾਲੀ ਦੇ ਖਰੜ ਹਲਕੇ ਵਿੱਚ ਹੈ, ਜਦੋਂ ਕਿ ਉਹ ਰੂਪਨਗਰ ਦੇ ਚਮਕੌਰ ਸਾਹਿਬ ਅਤੇ ਬਰਨਾਲਾ ਜ਼ਿਲ੍ਹੇ ਦੇ ਭਦੌੜ ਤੋਂ ਚੋਣ ਲੜ ਰਹੇ ਹਨ। ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੋਟ ਮੋਹਾਲੀ ਹਲਕੇ ਵਿੱਚ ਹੈ, ਜਦੋਂ ਕਿ ਉਹ ਸੰਗਰੂਰ ਦੇ ਧੂਰੀ ਤੋਂ ਚੋਣ ਮੈਦਾਨ ਵਿੱਚ ਹਨ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਮੁੱਖ ਮੰਤਰੀ ਉਮੀਦਵਾਰ ਸੁਖਬੀਰ ਬਾਦਲ ਦੀ ਵੋਟ ਮੁਕਤਸਰ ਦੇ ਲੰਬੀ 'ਚ ਹੈ, ਜਦੋਂ ਕਿ ਉਹ ਫਾਜ਼ਿਲਕਾ ਦੇ ਜਲਾਲਾਬਾਦ ਤੋਂ ਚੋਣ ਲੜ ਰਹੇ ਹਨ।
ਇਸ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੁਰਗੇਸ਼ ਸ਼ਰਮਾ ਜੋ ਕਿ ਕੋਟਕਪੂਰਾ ਵਿਧਾਨ ਸਭਾ ਸੀਟ ਤੋਂ ਭਾਜਪਾ ਗਠਜੋੜ ਦੀ ਭਾਈਵਾਲ ਪੀਐਲਸੀ ਦੀ ਟਿਕਟ ’ਤੇ ਚੋਣ ਲੜ ਰਹੇ ਹਨ, ਜਿਨ੍ਹਾਂ ਦੀ ਵੋਟ ਫਰੀਦਕੋਟ ਵਿੱਚ ਹੈ। ਕੋਟਕਪੂਰਾ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਜਸਕਰਨ ਸਿੰਘ ਕਾਹਨਵਾਲਾ ਵੀ ਆਪਣੀ ਵੋਟ ਨਹੀਂ ਪਾ ਸਕੇ ਕਿਉਂਕਿ ਉਨ੍ਹਾਂ ਦੀ ਵੋਟ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੈ। ਜੈਤੋ ਵਿਧਾਨ ਸਭਾ ਹਲਕੇ ਤੋਂ ਭਾਜਪਾ ਗਠਜੋੜ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਗੁਲਸ਼ਨ ਆਪਣੀ ਵੋਟ ਨਹੀਂ ਪਾ ਸਕੀ ਕਿਉਂਕਿ ਉਨ੍ਹਾਂ ਦੀ ਵੋਟ ਫਰੀਦਕੋਟ ਵਿਧਾਨ ਸਭਾ ਵਿੱਚ ਹੈ।
ਮਜੀਠਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਉਮੀਦਵਾਰ ਗੁਨੀਵ ਕੌਰ ਮਜੀਠੀਆ ਆਪਣੀ ਵੋਟ ਇਸ ਵਾਰ ਮਜੀਠਾ ਹਲਕੇ ’ਚ ਨਹੀਂ ਪਾ ਸਕੇ। ਉਨ੍ਹਾਂ ਦੀ ਵੋਟ ਮਜੀਠਾ ਹਲਕੇ ਵਿਚ ਨਹੀਂ ਬਣੀ। ਉਹ ਪਹਿਲਾਂ ਵੀ ਕਦੀ ਆਪਣੀ ਵੋਟ ਦਾ ਇਸਤੇਮਾਲ ਕਰਨ ਮਜੀਠਾ ਨਹੀਂ ਆਏ।
ਸੁਰੱਖਿਆ ਦੇ ਕੀ ਸਨ ਪ੍ਰਬੰਧ
ਵੋਟਾਂ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੀਆਂ ਕੁੱਲ 700 ਕੰਪਨੀਆਂ ਤੋਂ ਇਲਾਵਾ ਸੂਬਾਈ ਪੁਲਿਸ ਦਾ ਅਮਲਾ ਵੀ ਤਾਇਨਾਤ ਰਿਹਾ। ਮਹੱਤਵਪੂਰਨ ਤੱਥ ਹੈ ਕਿ ਕੇਂਦਰੀ ਦਸਤਿਆਂ ਦੀ ਸਹਾਇਤਾ ਲਈ ਸਿਰਫ ਇੱਕ ਜਾਂ ਦੋ ਪੁਲਿਸ ਅਧਿਕਾਰੀ ਸਹਾਇਤਾ ਦੇ ਤੌਰ ਤੇ ਤਾਇਨਾਤ ਸਨ ਪ੍ਰੰਤੂ ਪੋਲਿੰਗ ਬੂਥ ਦੇ ਅੰਦਰ ਜਾਣ ਤੋਂ ਲੈਕੇ ਵੋਟਾਂ ਪੈਣ ਦੀ ਸਮੁੱਚੀ ਦੇਖ ਰੇਖ ਅਰਧ ਸੈਨਿਕ ਬਲਾਂ ਦੇ ਜਵਾਨ ਕਰ ਰਹੇ ਸਨ।
ਇਹ ਵੀ ਪੜੋ: 2017 ਵਿਧਾਨਸਭਾ ਦੇ ਮੁਕਾਬਲੇ ਇਸ ਵਾਰ ਦਾ ਵੋਟ ਫੀਸਦ ਕਾਫੀ ਘੱਟ, ਜਾਣੋ ਕਿਹੜੇ ਜ਼ਿਲ੍ਹੇ ’ਚ ਕਿੰਨਾ ਰਿਹਾ ਵੋਟ ਫੀਸਦ
ਪੰਜਾਬ ਨੀਮ ਫੌਜੀਆ ਦਾ ਵਤੀਰ ਪੰਜਾਬ ਪੁਲਿਸ ਦੀ ਤੈਨਾਤੀ ਮੁਕਾਬਲੇ ਜਿਆਦਾ ਮਿੱਤਰਤਾਪੂਰਣ ਰਿਹਾ। ਕੇਂਦਰੀ ਦਸਤਿਆ ਵੱਲੋਂ ਕਿਸੇ ਨਾਲ ਵੀ ਬਦਜੁਬਾਨੀ ਦੀ ਸੂਚਨਾ ਨਹੀਂ ਹੈ। ਜਦਕਿ ਪੰਜਾਬ ਪੁਲਿਸ ਨਾਲ ਲੋਕਾਂ ਦਾ ਟਕਰਾਅ ਸੁਭਾਅ ਕਰਕੇ ਹੀ ਜਿਆਦ ਰਹਿੰਦਾ ਰਿਹਾ ਹੈ। ਨੀਮ ਫੌਜ਼ੀ ਬਜੁਰਗ ਅਤੇ ਹੋਰਨਾਂ ਜਰੂਰਤਮੰਦਾਂ ਦੀ ਮੱਦਦ ਕਰਦੇ ਨਜ਼ਰ ਆਏ। ਵੋਟਰਾਂ ਨੂੰ ਬਕਾਇਦਾ ਮਾਸਕ ਵੀ ਦਿੱਤੇ ਜਾ ਰਹੇ ਸਨ ਅਤੇ ਕਰੋਨਾਂ ਦੇ ਹੋਰ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ।
ਵੋਟ ਫੀਸਦੀ
ਅੰਕੜਿਆ ਅਨੁਸਾਰ ਸੂਬੇ ਦੇ ਜ਼ਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਵਿਖੇ 78.47 ਫੀਸਦੀ ਮਤਦਾਨ ਰਿਕਾਰਡ ਕੀਤਾ ਗਿਆ ਜੋ ਕਿ ਸੂਬੇ ਵਿਚ ਸਭ ਤੋਂ ਜਿਆਦਾ ਰਿਹਾ। ਮਾਨਸਾ ਜ਼ਿਲ੍ਹੇ ਵਿੱਚ 77.21 ਫੀਸਦ ਵੋਟਿੰਗ ਹੋਈ। ਮਾਨਸਾ ਜ਼ਿਲ੍ਹੇ ਵਿੱਚ ਸਾਲ 2017 ਵਿੱਚ 84.4 ਫੀਸਦ, 2012 ਵਿੱਚ 82.2 ਫੀਸਦੀ, 2007 ਵਿੱਚ 85.5 ਫੀਸਦ ਅਤੇ 2002 ’ਚ 72.4 ਫੀਸਦ ਲੋਕਾਂ ਨੇ ਚੋਣਾਂ ਵਿੱਚ ਭਾਗ ਲੈ ਕੇ ਇਸ ਜ਼ਿਲ੍ਹੇ ਨੂੰ ਰਾਜ ’ਚ ਮੋਹਰੀ ਬਣਾਇਆ ਸੀ। ਜਦੋਂਕਿ 72.84 ਫੀਸਦ ਨਾਲ ਮਾਲੇਰਕੋਟਲਾ ਤੀਜੀ ਦੂਜੀ ਥਾਂ ’ਤੇ ਰਿਹਾ। ਫਾਜ਼ਿਲਕਾ ਵਿੱਚ 73.59 ਫੀਸਦ, ਸੰਗਰੂਰ 73.82 ਤੇ ਅੰਮ੍ਰਿਤਸਰ ਵਿੱਚ 61.95 ਪੋਲਿੰਗ ਰਿਕਾਰਡ ਕੀਤੀ ਗਈ।
ਤਰਨ ਤਾਰਨ ਵਿੱਚ ਸਭ ਤੋਂ ਘੱਟ 60.47 ਫੀਸਦ ਵੋਟਾਂ ਪਈਆਂ। ਮਾਲਵਾ ਖੇਤਰ, ਜਿੱਥੇ ਕੁੱਲ 69 ਅਸੈਂਬਲੀ ਹਲਕੇ ਪੈਂਦੇ ਹਨ, ਵਿੱਚ 65 ਫੀਸਦ ਪੋਲਿੰਗ ਦਰਜ ਕੀਤੀ ਗਈ।
ਮਾਝਾ ਖੇਤਰ ’ਚੋਂ ਗੁਰਦਾਸਪੁਰ ’ਚ 69.25 ਫੀਸਦ, ਪਠਾਨਕੋਟ 67.72, ਤਰਨ ਤਾਰਨ 60.47 ਤੇ ਅੰਮ੍ਰਿਤਸਰ ਵਿੱਚ 61.95 ਫੀਸਦ ਵੋਟਾਂ ਪਈਆਂ। ਪੰਜਾਬ ਵਿੱਚ ਪਿਛਲੇ 2 ਦਹਾਕਿਆਂ ਦੌਰਾਨ ਵੋਟਾਂ ਦੇ ਭੁਗਤਾਨ ਦਾ ਅਮਲ ਦੇਖਿਆ ਜਾਵੇ ਤਾਂ ਐਤਕੀਂ ਵੋਟਰਾਂ ਦਾ ਰੁਝਾਨ ਪਿਛਲੀਆਂ ਤਿੰਨ ਚੋਣਾਂ ਦੇ ਮੁਕਾਬਲੇ ਮੱਠਾ ਰਿਹਾ। ਚੋਣ ਕਮਿਸ਼ਨ ਵੱਲੋਂ ਮਿਲੀ ਜਾਣਕਾਰੀ ਮੁਤਾਬਕ 2002 ਵਿੱਚ 65 ਫੀਸਦੀ, 2007 ’ਚ 75.49 ਫੀਸਦ, 2012 ’ਚ 78.30 ਫੀਸਦ ਅਤੇ 2017 ਵਿੱਚ 77.40 ਫੀਸਦੀ ਵੋਟਾਂ ਪਈਆਂ ਸਨ।
ਨਿਰੋਲ ਸ਼ਹਿਰੀ ਖੇਤਰਾਂ ਦੇ ਵਿਧਾਨ ਸਭਾ ਹਲਕਿਆਂ ਵਿੱਚ ਤਾਂ ਐਤਕੀਂ ਵੋਟ ਪ੍ਰਤੀਸ਼ਤ 60 ਫੀਸਦੀ ਦੇ ਨੇੜੇ ਤੇੜੇ ਰਹੀ ਜਦੋਂ ਕਿ ਦਿਹਾਤੀ ਖੇਤਰ ਵਿੱਚ ਕਈ ਥਾਈਂ 80 ਫੀਸਦੀ ਦੇ ਨੇੜੇ ਢੁੱਕ ਗਈ। ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਦੇ ਵੋਟਰ ਵੋਟ ਪਾਉਣ ਲਈ ਵਧੇਰੇ ਉਤਸ਼ਾਹ ’ਚ ਨਜ਼ਰ ਆਏ।
ਰਾਜਨੀਤਕ ਮਾਮਲਿਆ ਦੇ ਮਾਹਿਰ ਸੀਨੀਅਰ ਪੱਤਰਕਾਰ ਗੁਰਉਪਦੇਸ਼ ਭੁੱਲਰ ਅਨੁਸਾਰ, ਚੋਣ ਮਨੋਰਥ ਪੱਤਰ ਅਤੇ ਪਾਰਟੀਆਂ ਤੇ ਲੋਕਾਂ ਨੂੰ ਭਰੋਸਾ ਨਹੀਂ ਰਿਹਾ। ਇਸੇ ਕਰਕੇ ਹੀ ਲੋਕਾਂ ਨੇ ਉਮੀਦਵਾਰਾਂ ਦੇ ਅਕਸ ਨੂੰ ਤਰਜੀਹ ਦਿੱਤੀ।
ਚੰਡੀਗੜ੍ਹ ਤੋਂ ਹੀ ਪੰਜਾਬ ਦੀ ਰਾਜਨੀਤੀ ਦੇ ਵਿਸ਼ਲੇਸ਼ਕ ਜਗਤਾਰ ਸਿੰਘ ਮੁਤਾਬਿਕ , ਇਹ ਚੋਣਾਂ ਨਵੇਂ ਯੁਗ ਦੇ ਆਗੂਆਂ ਦਾ ਭਵਿਖ ਤੈਅ ਕਰਣਗੀਆਂ। ਕਈ ਆਗੂਆਂ ਦਾ ਭਵਿੱਖ ਇੰਨ੍ਹਾ ਚੋਣਾਂ ਵਿਚ ਦਾਅ 'ਤੇ ਲੱਗਿਆ ਹੈ, ਪਰ ਇਸ ਵਾਰ ਵੋਟਰਾਂ ਨੇ ਪਹਿਲਾਂ ਨਾਲੋਂ ਕਿਤੇ ਜਿਆਦਾ ਸਮਝਦਾਰੀ ਨਾਲ ਮਤਦਾਨ ਕੀਤਾ ਹੈ।