ਚੰਡੀਗੜ੍ਹ: ਭਲਕੇ ਦੇਸ਼ ਦੇ ਬਜਟ ਨੂੰ ਲੈ ਕੇ ਜਿੱਥੇ ਆਮ ਲੋਕਾਂ ਨੂੰ ਸਰਕਾਰ ਤੋਂ ਕਈ ਉਮੀਦਾਂ ਹਨ, ਉਥੇ ਹੀ ਵੱਖ-ਵੱਖ ਕਿੱਤੇ ਦੇ ਮਾਹਿਰਾਂ ਵੱਲੋਂ ਦੇਸ਼ ਦੀ ਅਰਥ ਵਿਵਸਥਾ 'ਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਇਸ ਮੌਕੇ ਖੇਤੀਬਾੜੀ ਮਾਹਿਰ ਦਵਿੰਦਰ ਸ਼ਰਮਾ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।
ਦਵਿੰਦਰ ਸ਼ਰਮਾ ਨੇ ਈਟੀਵੀ ਭਾਰਤ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਨੂੰ ਖੇਤੀਬਾੜੀ ਕਰਕੇ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸਰਕਾਰ ਨੂੰ ਬਜਟ 'ਚ ਕਿਸਾਨਾਂ ਅਤੇ ਖੇਤੀਬਾੜੀ ਨਾਲ ਸਬੰਧਤ ਲੋਕਾਂ 'ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਰਕਾਰ ਵੱਲੋਂ ਮਹਿਜ਼ ਛੇ ਹਜ਼ਾਰ ਰੁਪਏ ਸਲਾਨਾ ਦਿੱਤਾ ਜਾਂਦਾ ਹੈ ਜਦਕਿ ਇਸ ਰਕਮ ਨੂੰ ਵਧਾ ਕੇ 18 ਹਜ਼ਾਰ ਤੱਕ ਕਰਨਾ ਚਾਹੀਦਾ ਹੈ। ਜੇਕਰ ਕਿਸਾਨਾਂ ਦੇ ਹੱਥ 'ਚ ਕੈਸ਼ ਸਿੱਧੇ ਤੌਰ 'ਤੇ ਆਵੇਗਾ ਤਾਂ ਅਰਥ ਵਿਵਸਥਾ ਮਜ਼ਬੂਤ ਹੋਵੇਗੀ। ਉਨ੍ਹਾਂ ਆਖਿਆ ਕਿ ਮਨਰੇਗਾ ਸਕੀਮ ਦੇ ਤਹਿਤ 200 ਦਿਨ ਕਰਨ ਵਾਲੇ ਲੋਕਾਂ ਨੂੰ ਪੂਰੀ ਰਕਮ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਆਮਦਨੀ ਹੋ ਸਕੇ।
ਦਵਿੰਦਰ ਸ਼ਰਮਾ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਕਿਸਾਨਾਂ ਦੀ ਮਦਦ ਕਰਨ ਦੀ ਵੱਧ ਲੋੜ ਹੈ, ਕਿਉਂਕਿ ਪੰਜਾਬ ਤੇ ਦੇਸ਼ ਭਰ ਦੇ ਸੱਠ ਫ਼ੀਸਦੀ ਲੋਕ ਖੇਤੀ 'ਤੇ ਨਿਰਭਰ ਹਨ। ਉਨ੍ਹਾਂ ਕਿਹਾ ਇਹ ਗੱਲ ਬੇਹਦ ਮੰਦਭਾਗੀ ਹੈ ਕਿ ਬਜਟ 'ਚ ਹੋਰਨਾਂ ਚੀਜ਼ਾਂ ਦੀ ਗੱਲ ਤਾਂ ਕੀਤੀ ਜਾਂਦੀ ਹੈ ਪਰ ਕਿਸਾਨਾਂ ਨੂੰ ਮਿਲਣ ਵਾਲੀ ਸਬਸਿਡੀ 'ਤੇ ਧਿਆਨ ਨਹੀਂ ਦਿੱਤਾ ਜਾਂਦਾ। ਇਸ ਕਾਰਨ ਕਿਸਾਨਾਂ ਦੀ ਆਮਦਨ ਲਗਾਤਾਰ ਘਟਦੀ ਜਾ ਰਹੀ ਹੈ। ਇਸ ਨਾਲ ਭਾਰਤ ਦੀ ਅਰਥ ਵਿਵਸਥਾ 'ਤੇ ਮਾੜਾ ਅਸਰ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਕਿਸਾਨਾਂ ਨੂੰ ਸਮੇਂ ਸਿਰ ਸੱਬਸਿਡੀ ਪ੍ਰਾਪਤ ਹੋਵੇ ਤਾਂ ਉਨ੍ਹਾਂ ਨੂੰ ਖੇਤੀ ਕਰਨ 'ਚ ਦਿੱਕਤਾਂ ਨਹੀਂ ਆਉਣਗੀਆਂ ਅਤੇ ਉਹ ਸਮੇਂ ਸਿਰ ਫਸਲ ਵੇਚ ਸਕਦੇ ਹਨ। ਉਨ੍ਹਾਂ ਆਖਿਆ ਕਿ ਕਿਸਾਨ ਅਰਥ ਵਿਵਸਥਾ ਨੂੰ ਠੀਕ ਕਰਨ ਲਈ ਵੱਡਾ ਚਿਹਰਾ ਬਣ ਕੇ ਸਾਹਮਣੇ ਆ ਸਕਦੇ ਹਨ। ਕਿਸਾਨਾਂ ਦੇ ਬੱਚੇ ਜੋ ਕਿ ਵਿਦੇਸ਼ਾਂ 'ਚ ਜਾ ਰਹੇ ਹਨ ਉਹ ਦੇਸ਼ 'ਚ ਹੀ ਰਹਿ ਕੇ ਕੰਮ ਕਰਨਗੇ। ਇਸ ਨਾਲ ਦੇਸ਼ ਦੀ ਅਰਥ ਵਿਵਸਥਾ 'ਚ ਸੁਧਾਰ ਹੋ ਸਕਦਾ ਹੈ।