ਚੰਡੀਗੜ੍ਹ: ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਚੁਣੇ ਗਏ ਡਾ. ਗੁਰਪ੍ਰੀਤ ਸਿੰਘ ਵਾਂਡਰ ਨੇ ਆਪਣਾ ਨਾਂ ਵਾਪਸ ਲੈ ਲਿਆ ਹੈ।
ਦੱਸ ਦਈਏ ਕਿ ਡਾ. ਗੁਰਪ੍ਰੀਤ ਸਿੰਘ ਵਾਂਡਰ ਦਿਲ ਦੇ ਰੋਗਾਂ ਨਾਲ ਸਬੰਧੰਤ ਮੰਨੇ-ਪ੍ਰਮੰਨੇ ਡਾਕਟਰ ਹਨ। ਜਿਸ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਦਾ ਨਾਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਅਹੁਦੇ ਲਈ ਚੁਣਿਆ ਗਿਆ ਸੀ। ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਵੀ ਕੀਤਾ ਗਿਆ ਸੀ। ਪਰ ਹੁਣ ਉਨ੍ਹਾਂ ਵੱਲੋਂ ਆਪਣਾ ਨਾਂ ਵਾਪਸ ਲੈਣ ਤੋਂ ਬਾਅਦ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਸੀ ਦੇ ਅਹੁਦੇ ਲਈ ਉਨ੍ਹਾਂ ਦਾ ਨਾਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਭੇਜਿਆ ਸੀ, ਪਰ ਰਾਜਪਾਲ ਨੇ ਉਨ੍ਹਾਂ ਦੇ ਨਾਂ ਨੂੰ ਵਾਪਸ ਕਰ ਦਿੱਤਾ ਸੀ। ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਵਿਵਾਦਾਂ ਚ ਘਿਰਿਆ ਹੋਇਆ ਹੈ। ਨਾਲ ਹੀ ਇਸ ਮਾਮਲੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਅਤੇ ਰਾਜਪਾਲ ਵਿਚਾਲੇ ਟਕਰਾਅ ਵੱਧਣ ਦਾ ਖਦਸ਼ਾ ਲੱਗ ਰਿਹਾ ਹੈ।
ਇਹ ਸੀ ਪੂਰਾ ਮਾਮਲਾ: ਕਾਬਿਲੇਗੌਰ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾ ਨਿਰੀਖਣ ਕੀਤਾ ਸੀ। ਇਸ ਦੌਰਾਨ ਚਮੜੀ ਵਾਰਡ ਦੇ ਫਟੇ ਅਤੇ ਗੰਦੇ ਗੱਦੇ ਨੂੰ ਦੇਖ ਕੇ ਉਹ ਗੁੱਸੇ 'ਚ ਆ ਗਏ। ਉਨ੍ਹਾਂ ਮੌਕੇ ’ਤੇ ਮੌਜੂਦ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਚਮੜੀ ਵਿਭਾਗ ਦੇ ਉਨ੍ਹਾਂ ਗੰਦੇ ਬੈਡਾਂ ’ਤੇ ਲੇਟਣ ਲਈ ਕਿਹਾ, ਜਿੱਥੇ ਮਰੀਜ਼ਾਂ ਨੂੰ ਇਲਾਜ ਲਈ ਲਿਟਾਇਆ ਜਾਂਦਾ ਹੈ। ਇਸ ਵਿਵਹਾਰ ਤੋਂ ਨਿਰਾਸ਼ ਹੋ ਕੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਦੇ ਕਾਰਨ ਇਹ ਅਹੁਦਾ ਖ਼ਾਲੀ ਸੀ। ਇਸ ਨੂੰ ਭਰਨ ਲਈ ਪੰਜਾਬ ਸਰਕਾਰ ਵਲੋਂ ਡਾ. ਗੁਰਪ੍ਰੀਤ ਸਿੰਘ ਵਾਂਡਰ ਦਾ ਨਾਂ ਦਾ ਐਲਾਨ ਕੀਤਾ ਸੀ।
ਇਹ ਵੀ ਪੜੋ: ਅੰਗਰੇਜ਼ ਨੇ ਚਲਾਇਆ ਰਿਕਸ਼ਾ, ਰਿਕਸ਼ਾ ਚਾਲਕ ਉਸ ਦੀ ਪਤਨੀ ਨਾਲ ਬੈਠਾ ਪਿੱਛੇ, ਦੇਖੋ ਵੀਡੀਓ