ਚੰਡੀਗੜ੍ਹ: ਮਿਲਟਰੀ ਲਿਟਰੇਚਰ ਫ਼ੈਸਟੀਵਲ ਵਿੱਚ 70 ਤੋਂ ਵੱਧ ਲੋਕਾਂ ਨੇ ਅੰਗ ਦਾਨ ਦੇ ਲਈ ਸਹੁੰ ਪੱਤਰ ਭਰੇ। ਲੇਕ ਕਲੱਬ ਵਿੱਚ ਹੋਏ ਮਿਲਟਰੀ ਲਿਟਰੇਚਰ ਫੈਸਟੀਵਲ ਅੰਗਦਾਨ ਦੀ ਪ੍ਰੇਰਣਾ ਲਈ ਸੰਜੈ ਗਾਂਧੀ ਨਾਂਅ ਦੇ ਵਿਅਕਤੀ ਨੇ ਹਰ ਇੱਕ ਨੂੰ ਅੰਗ ਦਾਨ ਲਈ ਪ੍ਰੇਰਿਆ। ਦਰਅਸਲ ਮਾਰਚ 2013 ਵਿੱਚ ਇੱਕ ਸੜਕ ਹਾਦਸੇ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਪਰਥ ਗਾਂਧੀ ਨੂੰ ਡਾਕਟਰਾਂ ਨੇ ਦਿਮਾਗੀ ਮ੍ਰਿਤ ਕਰਾਰ ਦਿੱਤਾ ਸੀ।ਉਸ ਦੇ ਪਿਤਾ ਸੰਜੇ ਗਾਂਧੀ ਨੇ ਇਕ ਵੱਡਾ ਫੈਸਲਾ ਲੈਂਦਿਆਂ ਆਪਣੇ ਪੁੱਤ ਦੇ ਅੰਗ ਹੋਰਾਂ ਦੇ ਜੀਵਨ ਬਚਾਉਣ ਲਈ ਦੇ ਦਿੱਤੇ, ਜਿਸ ਵਿੱਚ ਉਸ ਦਾ ਦਿਲ, ਜਿਗਰ, ਦੋਵੇਂ ਗੁਰਦੇ, ਤਿਲੀ ਸ਼ਾਮਲ ਸੀ।
ਮਿਲਟਰੀ ਫੈਸਟੀਵਲ 'ਤੇ ਆਉਣ ਵਾਲੇ ਲੋਕਾਂ ਨੂੰ ਸੰਜੇ ਗਾਂਧੀ ਅੰਗਦਾਨ ਲਈ ਪ੍ਰੇਰਿਤ ਕਰਦੇ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਆਪਣੇ ਜਵਾਨ ਪੁੱਤ ਦੀ ਮੌਤ ਤੋਂ ਬਾਅਦ ਉਸ ਦੇ ਅੰਗ ਦਾਨ ਕਰਨਾ ਕੋਈ ਸੌਖਾ ਨਹੀਂ ਸੀ, ਪਰ ਉਸ ਨੇ ਮਨੁੱਖਤਾ ਲਈ ਇਹ ਕੀਤਾ ਕਿਉਂਕਿ ਉਹ ਚਾਹੁੰਦੇ ਸੀ ਕਿ ਉਸ ਦਾ ਪੁੱਤ ਹੋਰਾਂ ਵਿਚ ਜ਼ਿੰਦਾ ਰਹੇ।
ਆਈਈਸੀ ਮੀਡੀਆ ਸਲਾਹਕਾਰ ਸਾਰਯੂ ਡੀ ਮਾਦਰਾ ਨੇ ਦੱਸਿਆ ਕਿ ਮਿਲਟਰੀ ਲਿਟਰੇਚਰ ਫੈਸਟ ਦੌਰਾਨ ਲੋਕਾਂ ਵੱਲੋਂ ਅੰਗਦਾਨ ਪ੍ਰਤੀ ਚੰਗਾ ਰੁਝਾਨ ਵੇਖਣ ਨੂੰ ਮਿਲਿਆ। ਉਸ ਨੇ ਦੱਸਿਆ ਕਿ ਕੈਂਪ ਦੌਰਾਨ 70 ਤੋਂ ਵੱਧ ਲੋਕਾਂ ਨੇ ਆਪਣੀ ਮੌਤ ਤੋਂ ਬਾਅਦ ਸਰੀਰ ਦੇ ਅੰਗ ਦਾਨ ਕਰਨ ਦੇ ਪ੍ਰਣ ਪੱਤਰਾਂ 'ਤੇ ਹਸਤਾਖਰ ਕੀਤੇ। ਇਸ ਕੈਂਪ ਵਿੱਚ ਡੇਟਾ ਮੈਨੇਜਮੈਂਟ ਸਲਾਹਕਾਰ ਮਿਲਨ ਕੁਮਾਰ ਬਾਗਲਾ ਅਤੇ ਟਰਾਂਸਪਲਾਂਟ ਕੋਆਰਡੀਨੇਟਰ ਕਰਨਜੋਤ ਥਿੰਦ ਵੀ ਹਾਜ਼ਰ ਸਨ।