ਚੰਡੀਗੜ੍ਹ: ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਉਤਰ ਪ੍ਰਦੇਸ਼ ਦੇ ਮਾਫ਼ੀਆ ਡੌਨ ਮੁਖ਼ਤਾਰ ਅੰਸਾਰੀ ਨੂੰ ਲੰਮੀ ਜੱਦੋ-ਜਹਿਦ ਬਾਅਦ ਯੂਪੀ ਪੁਲਿਸ ਬਾਂਦਾ ਜੇਲ੍ਹ ਲਈ ਲੈ ਕੇ ਰਵਾਨਾ ਹੋ ਗਈ। ਦੋਵੇਂ ਰਾਜਾਂ ਦੀ ਪੁਲਿਸ ਵੱਲੋਂ ਇਸ ਪੂਰੇ ਅਪ੍ਰੇਸ਼ਨ ਦੌਰਾਨ ਪੂਰੀ ਤਰ੍ਹਾਂ ਗੁਪਤਤਾ ਵਰਤੀ ਗਈ। ਹਾਲਾਂਕਿ ਅੰਸਾਰੀ ਨੂੰ ਬੀਤੇ ਦਿਨ ਯੂਪੀ ਰਵਾਨਾ ਕੀਤੇ ਜਾਣ ਦੀਆਂ ਚਰਚਾਵਾਂ ਵੀ ਸਨ, ਪਰੰਤੂ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਿਆਨ ਜਾਰੀ ਕਰਦੇ ਕਿਹਾ ਸੀ ਕਿ ਅੰਸਾਰੀ ਨੂੰ ਮੰਗਲਵਾਰ ਯੂਪੀ ਪੁਲਿਸ ਹਵਾਲੇ ਕੀਤਾ ਜਾਵੇਗਾ। ਉਨ੍ਹਾਂ ਦਾ ਤਰਕ ਸੀ ਕਿ ਨਿਯਮਾਂ ਅਨੁਸਾਰ 6 ਵਜੇ ਤੋਂ ਬਾਅਦ ਕਿਸੇ ਵੀ ਕੈਦੀ ਦੀ ਸਪੁਰਦਗੀ ਨਹੀਂ ਕੀਤੀ ਜਾ ਸਕਦੀ।
ਜ਼ਿਕਰਯੋਗ ਹੈ ਕਿ ਅੰਸਾਰੀ ਰੂਪਨਗਰ ਜੇਲ੍ਹ ਵਿੱਚ ਫਿਰੌਤੀ ਦੇ ਇੱਕ ਕੇਸ ਵਿੱਚ 2019 ਤੋਂ ਬੰਦ ਸੀ, ਜਿਸ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਪਿੱਛੋਂ ਪੰਜਾਬ ਸਰਕਾਰ ਨੇ ਯੂਪੀ ਸਰਕਾਰ ਨੂੰ 8 ਅਪ੍ਰੈਲ ਤੱਕ ਲੈ ਕੇ ਜਾਣ ਲਈ ਪੱਤਰ ਲਿਖਿਆ ਸੀ।
ਦੱਸ ਦੇਈਏ ਕਿ ਲੰਘੇ ਦਿਨੀ ਯੂਪੀ ਪੁਲਿਸ ਮੁਖਤਾਰ ਅੰਸਾਰੀ ਨੂੰ ਲੈ ਕੇ ਜਾਣ ਲਈ ਰਵਾਨਾ ਹੋਈ ਸੀ ਅਤੇ ਮੰਗਲਵਾਰ ਸਵੇਰੇ 4 ਵਜੇ ਰੋਪੜ ਪੁਲਿਸ ਲਾਈਨ ਪੁੱਜੀ। ਇਥੋਂ ਰੋਪੜ ਜੇਲ੍ਹ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਹੈ, ਜਿਸ ਵਿੱਚ ਅੰਸਾਰੀ ਬੰਦ ਸੀ। ਅੰਸਾਰੀ ਦੀ ਸੁਰੱਖਿਅਤ ਵਾਪਸੀ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਪੂਰੀ ਤਰ੍ਹਾਂ ਮੁਸਤੈਦੀ ਵਰਤੀ ਗਈ ਅਤੇ ਚੱਪੇ-ਚੱਪੇ 'ਤੇ ਬੈਰੀਕੇਡਿੰਗ ਕਰਕੇ ਹਰ ਆਉਣ-ਜਾਣ ਵਾਲੇ ਵਾਹਨ ਨੂੰ ਚੈਕ ਕੀਤਾ ਗਿਆ।
ਮੰਗਲਵਾਰ ਸਵੇਰੇ 10 ਵਜੇ ਦੇ ਕਰੀਬ ਯੂਪੀ ਪੁਲਿਸ ਅੰਸਾਰੀ ਨੂੰ ਲੈ ਕੇ ਜਾਣ ਲਈ ਗੇਟ ਨੰਬਰ ਇੱਕ ਰਾਹੀਂ ਰੋਪੜ ਜੇਲ੍ਹ ਪੁੱਜੀ। ਯੂਪੀ ਪੁਲਿਸ ਭਾਰੀ ਫੋਰਸ ਨਾਲ ਜੇਲ੍ਹ ਪੁੱਜੀ, ਜਿਸ ਵਿੱਚ ਪੀਏਸੀ ਦੀ ਇੱਕ ਕੰਪਨੀ ਅਤੇ ਕਈ ਵੱਡੇ ਵਾਹਨਾਂ ਤੋਂ ਇਲਾਵਾ ਇੱਕ ਐਂਬੂਲੈਂਸ ਨੰਬਰ ਯੂਪੀ 41ਜੀ 2776 ਵਿੱਚ 5 ਡਾਕਟਰਾਂ ਦੀ ਟੀਮ ਦੀ ਨਿਗਰਾਨੀ ਹੇਠ ਇੰਤਜਾਮ ਕੀਤਾ ਗਿਆ।
ਅੰਸਾਰੀ ਨੂੰ ਪੰਜਾਬ ਤੋਂ ਉਤਰ ਪ੍ਰਦੇਸ਼ ਲੈ ਕੇ ਜਾਣ ਲਈ ਯੂਪੀ ਪੁਲਿਸ ਵੱਲੋਂ ਅਪ੍ਰੇਸ਼ਨ 'ਮੁਖ਼ਤਾਰ' ਅਧੀਨ ਕਾਰਵਾਈ ਕੀਤੀ ਗਈ, ਜਿਸ ਤਹਿਤ ਪਲਾਨ A ਅਤੇ B ਤਿਆਰ ਕੀਤਾ ਗਿਆ। ਇਸ ਤਹਿਤ 'ਸਪੈਸ਼ਲ 100' ਤਹਿਤ ਫੁਲਪਰੂਫ ਰੂਟ ਪਲਾਨ ਤਿਆਰ ਕੀਤੇ ਗਏ।
ਯੂਪੀ ਪੁਲਿਸ ਵੱਲੋਂ ਪੂਰੀ ਕਾਗਜ਼ੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਅੰਸਾਰੀ ਨੂੰ ਸਖ਼ਤ ਸੁਰੱਖਿਆ ਘੇਰੇ ਅੰਦਰ ਐਂਬੂਲੈਂਸ ਵਿੱਚ ਬਿਠਾਇਆ ਗਿਆ, ਨਾਲ ਹੀ ਡਾਕਟਰਾਂ ਦੀ ਟੀਮ ਵੀ ਐਂਬੂਲੈਂਸ ਵਿੱਚ ਬਿਠਾਈ ਗਈ। ਐਂਬੂਲੈਂਸ ਦੇ ਅੱਗੇ ਪਿੱਛੇ 10 ਵਾਹਨਾਂ ਦਾ ਕਾਫਲਾ, ਜਿਸ ਵਿੱਚ 150 ਪੁਲਿਸ ਮੁਲਾਜ਼ਮ ਹਨ, ਸੁਰੱਖਿਆ ਲਈ ਲਾਇਆ ਗਿਆ, ਜਿਸ ਉਪਰੰਤ ਯੂਪੀ ਪੁਲਿਸ ਅੰਸਾਰੀ ਨੂੰ ਬਾਂਦਾ ਜੇਲ੍ਹ ਲਿਜਾਣ ਲਈ 2 ਵਜੇ ਦੇ ਕਰੀਬ ਰਵਾਨਾ ਹੋਈ।
ਸੁਪਰੀਮ ਕੋਰਟ ਦੇ ਹੁਕਮਾਂ 'ਤੇ ਹੋਈ ਅੰਸਾਰੀ ਦੀ ਸਪੁਰਦਗੀ
26 ਜਨਵਰੀ ਨੂੰ ਮੁਖਤਾਰ ਅੰਸਾਰੀ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ, ਜਿਸ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਗੈਂਗਸਟਰ ਅਤੇ ਸਿਆਸੀ ਆਗੂ ਮੁਖ਼ਤਾਰ ਅੰਸਾਰੀ ਜੋ ਕਿ ਰੂਪਨਗਰ ਜੇਲ੍ਹ ਵਿੱਚ ਬੰਦ ਹੈ ਉਸ ਨੂੰ ਦੋ ਹਫ਼ਤਿਆਂ ਅੰਦਰ ਉੱਤਰ ਪ੍ਰਦੇਸ਼ ਪੁਲਿਸ ਨੂੰ ਸੌਂਪ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਯੂਪੀ ਪੁਲਿਸ ਨੇ ਸਿਖਰਲੀ ਅਦਾਲਤ ਵਿੱਚ ਪਟੀਸ਼ਨ ਦਾਇਰ ਕਰ ਪੰਜਾਬ ਸਰਕਾਰ ਅਤੇ ਰੂਪਨਗਰ ਜੇਲ੍ਹ ਪ੍ਰਸ਼ਾਸਨ ਨੂੰ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਸੀ ਤੇ ਯੂਪੀ ਪੁਲਿਸ ਨੇ ਅੰਸਾਰੀ ਦੀ ਬਾਂਦਾ ਜੇਲ੍ਹ ਵਿੱਚ ਹਿਰਾਸਤ ਮੰਗੀ ਸੀ।
ਅੰਸਾਰੀ ਨੂੰ 10 ਕਰੋੜ ਰੁਪਏ ਦੀ ਫ਼ਿਰੌਤੀ ਮਾਮਲੇ 'ਚ ਮੋਹਾਲੀ ਪੁਲਿਸ ਨੇ ਕੀਤਾ ਸੀ ਗ੍ਰਿਫ਼ਤਾਰ
ਦੱਸ ਦਈਏ ਕਿ 8 ਜਨਵਰੀ 2019 ਨੂੰ ਇੱਕ ਬਿਲਡਰ ਤੋਂ 10 ਕਰੋੜ ਰੁਪਏ ਦੀ ਫ਼ਿਰੌਤੀ ਲੈਣ ਦੇ ਮਾਮਲੇ ਵਿੱਚ ਮੁਹਾਲੀ ਪੁਲਿਸ ਨੇ ਮੁਖਤਾਰ ਅੰਸਾਰੀ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਅਤੇ 12 ਜਨਵਰੀ ਨੂੰ ਮੁਹਾਲੀ ਪੁਲਿਸ ਪ੍ਰੋਡਕਸ਼ਨ ਵਰੰਟ ਲੈਣ ਲਈ ਮੋਹਾਲੀ ਦੀ ਅਦਾਲਤ ਵਿੱਚ ਪਹੁੰਚੀ ਸੀ ਅਤੇ 21 ਜਨਵਰੀ ਨੂੰ ਯੂਪੀ ਤੋਂ ਮੁਖਤਾਰ ਅੰਸਾਰੀ ਨੂੰ ਮੋਹਾਲੀ ਲਿਆਂਦਾ ਗਿਆ ਸੀ, ਜਿਸ ਤੋਂ ਇੱਕ ਦਿਨ ਬਾਅਦ ਉਸ ਨੂੰ ਰੋਪੜ ਦੀ ਜ਼ਿਲ੍ਹਾ ਜੇਲ੍ਹ ਵਿੱਚ ਸਿਫ਼ਟ ਕਰ ਦਿੱਤਾ ਗਿਆ ਸੀ।