ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚਲਦੇ ਦੇਸ਼ ਭਰ 'ਚ ਲੌਕਡਾਊਨ ਕੀਤਾ ਗਿਆ ਹੈ। ਸਰਕਾਰ ਵੱਲੋਂ ਲੋਕਾਂ ਨੂੰ ਘਰ 'ਚ ਰਹਿਣ ਦੀ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ। ਅਜਿਹੇ 'ਚ ਪੰਜਾਬ 'ਚ ਲੋਕਾਂ ਨੂੰ ਘਰਾਂ ਦੇ ਅੰਦਰ ਰੱਖਣ ਲਈ ਪੁਲਿਸ ਸਖ਼ਤ ਕਦਮ ਚੁੱਕ ਰਹੀ ਹੈ। ਪੰਜਾਬ ਪੁਲਿਸ ਵੱਲੋਂ ਜੋ ਵੀ ਵਿਅਕਤੀ ਬਾਹਰ ਘੁੰਮਦਾ ਹੋਇਆ ਵੇਖਿਆ ਜਾ ਰਿਹਾ ਹੈ, ਉਹ ਉਨ੍ਹਾਂ ਦਾ ਕੁਟਾਪਾ ਕਰ ਰਹੇ ਹਨ। ਇਸ ਕੁੱਟਮਾਰ ਦੀ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵੀਡੀਓ 'ਚ ਪੁਲਿਸ ਵਾਲੇ ਲੋਕਾਂ ਨੂੰ ਮੁਰਗਾ ਬਣਾਉਣ ਤੋਂ ਲੈ ਕੇ ਉੱਠਕ ਬੈਠਕ ਤੇ ਡੰਡੇ ਮਾਰਦੇ ਹੋਏ ਨਜ਼ਰ ਆ ਰਹੇ ਹਨ।
ਸੋਸ਼ਲ ਮੀਡੀਆ 'ਚ ਅਜਿਹੀ ਇੱਕ ਵਾਇਰਲ ਵੀਡੀਓ ਐੱਸਐੱਚਓ ਪੁਸ਼ਪ ਬਾਲੀ ਦੀ ਵੀ ਸਾਹਮਣੇ ਆਈ ਹੈ। ਇਸ ਵੀਡੀਓ 'ਚ ਬਾਲੀ ਦੇ ਸਾਹਮਣੇ ਉਨ੍ਹਾਂ ਦੇ ਮੁਲਾਜ਼ਮ ਲੋਕਾਂ ਨੂੰ ਕੁੱਟ ਰਹੇ ਹਨ। ਇਹ ਵਾਇਰਲ ਵੀਡੀਓ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ 'ਚ ਆਈ ਤਾਂ ਉਨ੍ਹਾਂ ਇਸ ਦੀ ਨਿੰਦਾ ਕੀਤੀ ਤੇ ਕੁੱਟਮਾਰ ਦੇ ਤਰੀਕੇ ਨੂੰ ਗ਼ਲਤ ਦੱਸਿਆ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਇਸ ਮਾਮਲੇ ਨੂੰ ਸਖ਼ਤੀ ਨਾਲ ਹਲ ਕਰਨ ਲਈ ਕਿਹਾ ਜਿਸ ਤੋਂ ਬਾਅਦ ਐੱਸਐੱਚਓ ਪੁਸ਼ਪ ਬਾਲੀ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਪੁਲਿਸ ਮੁਲਾਜ਼ਮਾਂ ਨੂੰ ਹਿਦਾਇਤਾਂ ਦਿਤੀਆਂ ਗਈਆਂ ਹਨ ਕਿ ਉਹ ਲੋਕਾਂ ਨਾਲ ਸਹੀ ਰਵੱਈਆ ਅਪਣਾਉਣ, ਜੇਕਰ ਕੋਈ ਪੁਲਿਸ ਮੁਲਾਜ਼ਮ ਲੋਕਾਂ ਨਾਲ ਕੁੱਟਮਾਰ ਕਰਦਾ ਹੈ ਤਾਂ ਉਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਐੱਸਐੱਸਪੀ ਮਾਹਲ ਨੇ ਹੁਣ ਪੁਸ਼ਪ ਬਾਲੀ ਦੀ ਥਾਂ 'ਤੇ ਨਵੇਂ ਐੱਸਐੱਚਓ ਇੰਸਪੈਕਟਰ ਹਰਦੀਪ ਸਿੰਘ ਨੂੰ ਨਿਯੁਕਤ ਕੀਤਾ ਹੈ।