ਚੰਡੀਗੜ੍ਹ: ਰੱਖਿਆ ਖੋਜ ਅਤੇ ਵਿਕਾਸ ਸੰਗਠਨ ਵੱਲੋਂ ਦੇਸ਼ ਦੇ ਬਾਰਡਰਾਂ 'ਤੇ ਤਾਇਨਾਤ ਫੌਜੀਆਂ ਲਈ ਨਵੀਂ ਤੇ ਹਲਕੀ ਬੁਲੇਟ ਪਰੂਫ ਜੈਕੇਟ ਤਿਆਰ ਕੀਤੀ ਹੈ। ਇਸ ਦਾ ਵਜ਼ਨ ਸਿਰਫ 9 ਕਿੱਲੋਗ੍ਰਾਮ ਹੈ। ਦੱਸ ਦੇਈਏ ਕਿ ਇਹ ਜੈਕਟ ਕਾਨਪੁਰ ਵਿੱਚ ਸਥਿਤ ਇੱਕ ਪ੍ਰਯੋਗਸ਼ਾਲਾ, ਡਿਫੈਂਸ ਮਟੀਰੀਅਲ ਸਟੋਰਜ਼ ਐਂਡ ਰਿਸਰਚ ਐਂਡ ਡਿਵੈਲਪਮੈਂਟ ਐਸਟੇਬਲਿਸ਼ਮੈਂਟ (ਡੀ.ਐੱਮ.ਐੱਸ. ਆਰ. ਈ.) ਵੱਲੋਂ ਤਿਆਰ ਕੀਤੀ ਗਈ ਹੈ।
ਡੀਆਰਡੀਓ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ , ਇਸ ਫਰੰਟ ਹਾਰਡ ਆਰਮਰ ਪੈਨਲ (ਐਫਐਚਏਪੀ) ਦੀ ਜੈਕਟ ਦਾ ਚੰਡੀਗੜ੍ਹ ਵਿਖੇ ਸਥਿਤ ਟਰਮਿਨਲ ਬੈਲਿਸਿਟਕਸ ਰਿਸਰਚ ਲੈਬ ਵਿਖੇ ਟੈਸਟ ਕੀਤਾ ਗਿਆ। ਇਹ ਜੈਕਟ ਬੀਆਈਐਸ ਦੇ ਮਿਆਰਾਂ 'ਤੇ ਖਰੀ ਉਤਰਦੀ ਹੈ।
ਡੀਆਰਡੀਓ ਨੇ ਦੱਸਿਆ ਕਿ ਇਸ ਹਲਕੀ ਜੈਕੇਟ ਨੂੰ ਤਿਆਰ ਕਰਨ ਵਿੱਚ ਵਰਤੀ ਗਈ ਤਕਨੀਕ ਦੇ ਕਾਰਨ, ਜੈਕਟ ਦਾ ਭਾਰ 10 ਕਿਲੋ 400 ਗ੍ਰਾਮ ਤੋਂ ਘਟਾ ਕੇ 9 ਕਿਲੋ ਕਰ ਦਿੱਤਾ ਗਿਆ ਹੈ। ਇਹ ਜੈਕਟ ਜਾਂਚ ਦੇ ਦੌਰਾਨ ਸਫਲ ਪਾਇਆ ਗਿਆ ਹੈ।
ਡੀਆਰਡੀਓ ਦੇ ਮੁਤਾਬਕ , ਜੈਕਟ ਦੇ ਭਾਰ ਵਿੱਚ ਹਰ ਗ੍ਰਾਮ ਦੀ ਕਟੌਤੀ ਸੈਨਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਸੈਨਿਕਾਂ ਨੂੰ ਰਾਹਤ ਪ੍ਰਦਾਨ ਕਰੇਗੀ। ਇਹ ਜੈਕਟ ਭਾਰਤੀ ਫੌਜ ਦੀਆਂ ਗੁਣਵੱਤਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੀਆਰਡੀਓ ਵਿਗਿਆਨੀਆਂ ਨੂੰ ਸੈਨਿਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਘੱਟ ਭਾਰ ਵਾਲੇ ਬੁਲੇਟ ਪਰੂਫ ਜੈਕੇਟ ਦੇ ਵਿਕਾਸ ਲਈ ਵਧਾਈ ਦਿੱਤੀ ਹੈ। ਡਾ. ਸਤੀਸ਼ ਰੈਡੀ, ਡੀਆਰਡੀਓ ਦੇ ਪ੍ਰਧਾਨ ਨੇ ਵੀ ਡੀਐਮਐਸਆਰਡੀਈ ਦੀ ਟੀਮ ਨੂੰ ਇਸ ਬੁਲੇਟ ਪਰੂਫ ਜੈਕਟ ਦੇ ਵਿਕਾਸ ਲਈ ਵਧਾਈ ਦਿੱਤੀ ਹੈ।