ਚੰਡੀਗੜ੍ਹ: ਕੋਰੋਨਾ ਵਇਰਸ ਨੂੰ ਲੈ ਕੇ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਹਿਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਸੂਬੇ ਦੇ ਸਾਰੇ ਹਲਕਾ ਪਟਵਾਰੀਆਂ ਵੱਲੋ ਸਮੂਹ ਨੰਬਰਦਾਰ/ਸਰਪੰਚ ਨੂੰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਹੇਠ ਲਿਖੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ :-
1. ਜਿਨ੍ਹਾਂ ਘਰਾਂ ਦੇ ਪਰਿਵਾਰਕ ਮੈਂਬਰ ਮਿਤੀ 01-03-2020 ਤੋਂ ਬਾਅਦ ਵਿਦੇਸ਼ ਤੋਂ ਪਰਤੇ ਹੋਣ।
2. ਕੋਈ ਨਗਰ ਨਿਵਾਸੀ ਮਿਤੀ 01-03-2020 ਤੋਂ ਬਾਅਦ ਆਪਣੇ ਵਿਦੇਸ਼ ਤੋਂ ਆਏ ਰਿਸ਼ਤੇਦਾਰ ਨੂੰ ਮਿਲ ਕੇ ਆਇਆ ਹੋਵੇ।
3. ਹੋਲੇ ਮਹੱਲੇ 'ਤੇ ਆਨੰਦਪੁਰ ਸਾਹਿਬ ਗਿਆ ਹੋਵੇ ਜਾਂ ਉੱਥੇ ਗਏ ਵਿਅਕਤੀ ਦੇ ਸੰਪਰਕ ਵਿੱਚ ਆਇਆ ਹੋਵੇ।
ਉਪਰ ਦਿੱਤੀਆਂ ਹਿਦਾਇਤਾਂ ਵਿੱਚ ਜੇਕਰ ਕੋਈ ਵਿਅਕਤੀ ਆਉਂਦਾ ਹੈ ਤਾਂ ਉਸ ਦੀ ਸੂਚਨਾ ਨੰਬਰਦਾਰ/ਸਰਪੰਚ, ਆਪਣੇ ਪਿੰਡ ਦੇ ਹਸਪਤਾਲ ਜਾਂ ਪਟਵਾਰੀ ਨੂੰ ਤੁਰੰਤ ਦਿੱਤੀ ਜਾਵੇ।
ਇਨ੍ਹਾਂ ਹਿਦਾਇਤਾਂ ਦੇ ਨਾਲ ਸਰਕਾਰ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਇਨ੍ਹਾਂ ਹਿਦਾਇਤਾਂ ਨੂੰ ਮੰਨਣਾ ਤੁਹਾਡੇ ਪਰਿਵਾਰ ਤੇ ਨਗਰ ਵਾਸੀਆਂ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਕਿ ਜੇਕਰ ਕੋਈ ਵਿਅਕਤੀ ਉਪਰੋਕਤ ਜਾਣਕਾਰੀ ਛੁਪਾਉਂਦਾ ਹੈ ਤਾਂ ਉਸ 'ਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪਰਚਾ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ ਅਜਿਹੇ ਵਿਅਕਤੀ ਦੀ ਕੋਈ ਮਦਦ ਨਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਕੋਵਿਡ-19: ਕਰਫ਼ਿਊ ਦੌਰਾਨ ਘਰ-ਘਰ ਪਹੁੰਚਾਈਆਂ ਜਾ ਰਹੀਆਂ ਜ਼ਰੂਰੀ ਵਸਤਾਂ
ਇਨ੍ਹਾਂ ਹੁਕਮਾਂ ਵਿੱਚ ਇਹ ਵੀ ਨਿਰਦੇਸ਼ ਦਿੱਤੇ ਗਏ ਕਿ ਸਮੂਹ ਨੰਬਰਦਾਰ ਆਪਣੀ ਪੱਤੀ ਅਤੇ ਪੰਚਾਇਤ ਮੈਂਬਰ ਆਪਣੇ ਵਾਰਡ ਵਾਸੀਆਂ ਦੀ ਨਿੱਜੀ ਤੌਰ 'ਤੇ ਰਿਪੋਰਟ ਕਰਨ ਲਈ ਜਿੰਮੇਵਾਰ ਹੋਣਗੇ। ਇਸ ਦੇ ਨਾਲ ਹੀ ਪਿੰਡ ਵਿੱਚ ਮੁਨਿਆਦੀ ਕਰਵਾਉਣ ਦੀ ਵੀ ਗੱਲ ਆਖੀ ਗਈ ਹੈ।