ਚੰਡੀਗੜ੍ਹ: ਨਗਰ ਨਿਗਮ ਚੋਣਾਂ ਦੇ ਪ੍ਰਚਾਰ ਦਾ ਅੱਜ ਆਖ਼ਿਰੀ ਦਿਨ ਹੈ। ਸਾਰੀ ਸਿਆਸੀ ਪਾਰਟੀਆਂ ਅੱਜ ਆਪਣਾ ਪੂਰਾ ਜ਼ੋਰ ਲਗਾਉਣਗੀਆਂ ਤਾਂ ਜੋ ਉਹ ਵੋਟਰਾਂ ਨੂੰ ਪੂਰੀ ਤਰ੍ਹਾਂ ਲੁਭਾ ਸਕਣ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਿਗਮ ਚੋਣਾਂ ਨੂੰ ਸੱਤਾ ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ। ਕਿਉਂਕਿ ਇਨ੍ਹਾਂ ਚੋਣਾਂ ਤੋਂ ਇਹ ਤਸਵੀਰਾਂ ਸਾਫ਼ ਹੋ ਜਾਣਗੀਆਂ ਕਿ ਪੰਜਾਬ 'ਚ ਕਿਸ ਸਿਆਸੀ ਪਾਰਟੀ ਨੂੰ ਲੋਕ ਤਰਜੀਹ ਦੇ ਰਹੇ ਹਨ।
ਨਿਗਮ ਚੋਣਾਂ ਦੌਰਾਨ ਕਿਸਾਨ ਅੰਦੋਲਨ ਦਾ ਅਸਰ ਵੀ ਪੂਰਾ ਪੂਰਾ ਵੇਖਣ ਨੂੰ ਮਿਲਿਆ। ਵੋਟਰਾਂ ਵੱਲੋਂ ਸੂਬੇ ਦੇ ਥਾਂ-ਥਾਂ ਤੋਂ ਭਾਜਪਾ ਆਗੂਆਂ ਦਾ ਬਾਈਕਾਟ ਕੀਤਾ ਗਿਆ ਤੇ ਉਨ੍ਹਾਂ ਨੂੰ ਜੰਮ ਕੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
14 ਫਰਵਰੀ ਨੂੰ ਪੈਣਗੀਆਂ ਵੋਟਾਂ
ਵੋਟਾਂ ਪੈਣ ਦਾ ਕਾਰਜ ਮਿਤੀ 14 ਫਰਵਰੀ 2021 ਨੂੰ ਸਵੇਰੇ 08.00 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਵੋਟਾਂ ਦੀ ਗਿਣਤੀ 17 ਫਰਵਰੀ 2021 ਨੂੰ ਕੀਤੀ ਜਾਏਗੀ। ਚੋਣਾਂ ਕਰਵਾਉਣ ਲਈ 145ਰਿਟਰਨਿੰਗ ਅਫ਼ਸਰ ਅਤੇ 145 ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਚੋਣਾਂ ਨੂੰ ਨਿਰਪੱਖਤਾ ਅਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ 30 ਆਈ.ਏ.ਐਸ./ਪੀ.ਸੀ.ਐਸ. ਨੂੰ ਚੋਣ ਅਬਜਰਵਰ ਅਤੇ 6 ਆਈ.ਪੀ.ਐਸ. ਅਧਿਕਾਰੀਆਂ ਨੂੰ ਪੁਲਿਸ ਅਬਜਰਵਰ ਲਗਾਏ ਗਏ ਹਨ।
ਚੋਣ ਕਮਿਸ਼ਨ ਵੱਲੋਂ 4102 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ ਅਤੇ 18000 ਕਰਮਚਾਰੀਆਂ ਦੀ ਚੋਣ ਡਿਊਟੀ ਲਗਾਈ ਜਾਵੇਗੀ। ਇਹ ਚੋਣਾਂ ਈ.ਵੀ.ਐਮ. ਰਾਹੀਂ ਹੋਣਗੀਆਂ। ਇਸ ਮੰਤਵ ਲਈ 7000 ਈ.ਵੀ.ਐਮਜ਼ ਦਾ ਪ੍ਰਬੰਧ ਕੀਤਾ ਗਿਆ ਹੈ।
ਨਗਰ ਨਿਗਮ ਦੇ ਉਮੀਦਵਾਰ ਲਈ ਖਰਚਾ ਹੱਦ 3 ਲੱਖ ਰੁਪਏ, ਨਗਰ ਕੌਂਸਲ ਕਲਾਸ -1 ਦੇ ਉਮੀਦਵਾਰ ਲਈ 2.70 ਲੱਖ ਰੁਪਏ, ਕਲਾਸ-2 ਲਈ 1.70 ਲੱਖ ਰੁਪਏ, ਕਲਾਸ-3 ਲਈ 1.45 ਲੱਖ ਰੁਪਏ ਅਤੇ ਨਗਰ ਪੰਚਾਇਤਾਂ ਦੇ ਉਮੀਦਵਾਰਾਂ ਲਈ ਖ਼ਰਚਾ ਹੱਦ 1.05 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ।