ਮੋਹਾਲੀ: ਕੋਵਿਡ ਵਾਰੀਅਰ ਐੱਸਡੀਐੱਮ ਜਗਦੀਪ ਸਹਿਗਲ ਨੇ ਫ਼ੋਰਟਿਸ ਹਸਪਤਾਲ ਵਿਖੇ ਕੋਵਿਡ ਨਾਲ ਲੜ ਰਹੇ ਡੀਐੱਸਪੀ ਪਾਲ ਸਿੰਘ ਨੂੰ ਪਲਾਜ਼ਮਾ ਦਾਨ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਦੇ ਐਸਡੀਐਮ ਵੱਲੋਂ ਸਾਥੀ ਅਧਿਕਾਰੀ ਦੀ ਜਾਨ ਬਚਾਉਣ ਲਈ ਪਲਾਜ਼ਮਾ ਦਾਨ ਕਰਨ ਸਬੰਧੀ ਟਵੀਟ ਕਰਦਿਆਂ ਕਿਹਾ ਕਿ ਇੱਕ ਕੋਰੋਨਾ ਵਾਰੀਅਰ ਵੱਲੋਂ ਦੂਜੇ ਵਾਰੀਅਰ ਨੂੰ ਪਲਾਜ਼ਮਾ ਦਾਨ ਕਰਨਾ ਬਹੁਤ ਖੁਸ਼ੀ ਦੀ ਗੱਲ ਹੈ। ਮੈਂ ਹੋਰ ਵਾਰੀਅਰਜ਼ ਨੂੰ ਅੱਗੇ ਆ ਕੇ ਪਲਾਜ਼ਮਾ ਦਾਨ ਕਰਨ ਦੀ ਅਪੀਲ ਵੀ ਕਰਦਾ ਹਾਂ।
ਜਾਣਕਾਰੀ ਮੁਤਾਬਕ ਡੀਐੱਸਪੀ ਪਾਲ ਸਿੰਘ ਦੀ ਇੱਕ ਰਾਤ ਪਹਿਲਾਂ ਅਚਾਨਕ ਸਿਹਤ ਵਿਗੜ ਗਈ ਸੀ, ਜਿਨ੍ਹਾਂ ਦੀ ਸਿਹਤਯਾਬੀ ਲਈ ਐੱਸਡੀਐੱਮ ਜਗਦੀਪ ਸਹਿਗਲ ਨੇ ਪਲਾਜ਼ਮਾ ਦਾਨ ਕੀਤਾ ਹੈ।ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਹੋਰ ਪਲਾਜ਼ਮਾ ਦਾਨ ਕਰਨ ਦੇ ਇਛੁੱਕ ਵਿਅਕਤੀਆਂ ਨੂੰ ਅੱਗੇ ਆਉਣ ਲਈ ਉਤਸ਼ਾਹਤ ਕਰੇਗੀ, ਜਿਨ੍ਹਾਂ ਨੂੰ ਪਲਾਜ਼ਮਾ ਮੈਚ ਕਰਵਾਉਣ ਲਈ ਪਟਿਆਲਾ, ਫਰੀਦਕੋਟ ਜਾਂ ਅੰਮ੍ਰਿਤਸਰ ਜਾਣਾ ਪੈਂਦਾ ਸੀ, ਹੁਣ ਇਥੇ ਹੀ ਆਸਾਨੀ ਨਾਲ ਇਹ ਸੇਵਾਵਾਂ ਉਪਲੱਬਧ ਹਨ।
ਜ਼ਿਕਰਯੋਗ ਹੈ ਕਿ ਫੋਰਟਿਸ ਮੋਹਾਲੀ ਬਲੱਡ ਬੈਂਕ ਨੂੰ ਵਿਸ਼ੇਸ਼ ਪ੍ਰਕਿਰਿਆਵਾਂ ਜਿਵੇਂ ਪਲਾਜ਼ਮਾਫੇਰੀਸਿਸ ਅਤੇ ਪਲੇਟਲੈਟ ਐਫੇਰੀਸਿਸ ਕਰਨ ਦਾ ਲਾਇਸੈਂਸ ਪ੍ਰਾਪਤ ਹੈ। ਇੱਕ ਡੋਨਰ ਨੂੰ ਪਲਾਜਮਾਂ ਦਾਨ ਕਰਨ ਦੇ ਯੋਗ ਬਣਨ ਲਈ ਪਹਿਲਾਂ ਕੋਵਿਡ (ਆਈਜੀਜੀ) ਐਂਟੀਬਾਡੀਜ਼ ਸਬੰਧੀ ਟੈਸਟ ਕੀਤਾ ਜਾਂਦਾ ਹੈ। ਵਿਸ਼ੇਸ਼ ਪਲਾਜ਼ਮਾ ਮਸ਼ੀਨਾਂ ਫਿਰ ਖ਼ੂਨ ਦੇ ਵੱਖ-ਵੱਖ ਹਿੱਸਿਆਂ ਨੂੰ ਵੱਖ ਕਰਦੀਆਂ ਹਨ, ਸਿਰਫ ਲੋੜੀਂਦੇ ਹਿੱਸੇ ਨੂੰ ਰੱਖ ਕੇ ਬਾਕੀ ਖ਼ੂਨ ਡੋਨਰ ਨੂੰ ਵਾਪਸ ਕਰ ਦਿੰਦੀਆਂ ਹਨ।