ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਕਾਂਗਰਸ ਸਰਕਾਰ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇ ਪਾਰਲੀਮੈਂਟ 15 ਦਿਨ ਦੀ ਲੱਗ ਸਕਦੀ ਹੈ ਤਾਂ ਪੰਜਾਬ ਵਿਧਾਨ ਸਭਾ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਐਸਸੀ ਸਕਾਲਰਸ਼ਿਪ, ਬੀਜ ਘੋਟਾਲਾ, ਜ਼ਹਿਰੀਲੀ ਸ਼ਰਾਬ ਮਾਮਲਾ ਵਿਰੋਧੀਆਂ ਵੱਲੋਂ ਅੱਜ ਇਜਲਾਸ 'ਚ ਚੁੱਕਿਆ ਜਾਣਾ ਸੀ, ਜਿਸ ਤੋਂ ਬਚਦਿਆਂ ਕਾਂਗਰਸ ਨੇ ਇੱਕ ਦਿਨ ਦਾ ਸੈਸ਼ਨ ਬੁਲਾਇਆ।
ਮਜੀਠੀਆ ਨੇ ਇਹ ਵੀ ਤਰਕ ਦਿੱਤਾ ਕਿ 3 ਦਿਨ ਬਾਅਦ ਸਰਕਾਰ ਕੋਰੋਨਾ ਟੈਸਟ ਕਰਵਾ ਕੇ ਮੁੜ ਇਜਲਾਸ ਬੁਲਾ ਲਵੇ ਅਤੇ ਜਿਹੜੇ ਵਿਧਾਇਕ ਨੈਗੇਟਿਵ ਰਿਪੋਰਟ ਲੈ ਕੇ ਆਉਣਗੇ, ਉਨ੍ਹਾਂ ਨੂੰ ਸਦਨ ਵਿੱਚ ਆਉਣ ਦਾ ਮੌਕਾ ਦਿੱਤਾ ਜਾਵੇ। ਇਸ ਦੇ ਨਾਲ ਹੀ ਮਜੀਠੀਆ ਨੇ ਕਾਂਗਰਸ ਵਿਰੁੱਧ ਰਾਜਪਾਲ ਨੂੰ ਲੋਕਤੰਤਰ ਦਾ ਘਾਣ ਕਰਨ ਲਈ ਇੱਕ ਚਿੱਠੀ ਵੀ ਲਿਖੀ ਹੈ।
ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਵਿਧਾਨ ਸਭਾ ਵਿੱਚ ਹਿੱਸਾ ਨਾ ਲੈਣ 'ਤੇ ਮਜੀਠੀਆ ਨੇ ਕਿਹਾ ਕਿ ਅਸੀਂ ਸੂਬੇ ਦੇ ਜਿੰਮੇਵਾਰ ਨਾਗਰਿਕ ਹਾਂ ਤੇ ਅਕਾਲੀ ਦਲ ਵੱਲੋਂ ਵਿਧਾਨ ਸਭਾ ਵਿੱਚ ਆਉਣ ਬਾਰੇ ਲਿਖੀ ਚਿੱਠੀ ਦਾ ਜਵਾਬ ਸਪੀਕਰ ਨੇ ਨਾਂਹ ਵਿੱਚ ਦਿੱਤਾ। ਇਸ ਤੋਂ ਬਾਅਦ ਅਕਾਲੀ ਦਲ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਜੋਖ਼ਮ ਨਾ ਲੈਂਦਿਆਂ, ਸਦਨ 'ਚ ਨਾ ਜਾਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਹੀ ਚਿੱਠੀ ਲਿਖ ਕੇ ਵਿਧਾਨ ਸਭਾ ਸਪੀਕਰ ਨੂੰ ਆਪਣੇ ਨਾ ਆਉਣ ਦੀ ਜਾਣਕਾਰੀ ਦਿੱਤੀ ਹੈ।
ਬਿਕਰਮ ਮਜੀਠੀਆ ਨੇ ਇਹ ਵੀ ਕਿਹਾ ਕਿ ਸਵੇਰ ਤੋਂ ਹੀ 25 ਪੁਲਿਸ ਮੁਲਾਜ਼ਮ ਉਨ੍ਹਾਂ ਦੇ ਸਰਕਾਰੀ ਨਿਵਾਸ ਸਥਾਨ ਦੇ ਬਾਹਰ ਲਗਾਏ ਗਏ ਹਨ। ਇਸ ਤੋਂ ਸਾਫ ਪਤਾ ਲਗਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਸਦਨ ਸਣੇ ਵਿਰੋਧੀ ਧਿਰਾਂ ਦੇ ਘਰਾਂ ਦੇ ਬਾਹਰ ਐਮਰਜੈਂਸੀ ਲਗਾ ਦਿੱਤੀ ਹੈ।