ਚੰਡੀਗੜ੍ਹ: ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਪੀਐਮ ਨਰੇਂਦਰ ਮੋਦੀ ’ਤੇ ਤੰਜ ਕਸਿਆ ਹੈ। ਉਨ੍ਹਾਂ ਕਿਹਾ ਕਿ ਕਿਤੇ ਇਹ ਨਾ ਹੋਵੇ 'ਲੱਡੂ ਮੁੱਕ ਗਏ ਤੇ ਯਾਰੀ ਟੁੱਟ ਗਈ, ਭੈੜੀ ਯਾਰੀ ਮਿੱਤਰਾਂ ਦੀ।' ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਹੋਣਾ ਸੰਯੁਕਤ ਕਿਸਾਨ ਮੋਰਚਾ ਤੇ ਸਮੁੱਚੇ ਪੰਜਾਬੀ ਤੇ ਹੋਰ ਕਿਸਾਨ ਹਿਤੈਸ਼ੀ ਧਿਰਾਂ ਤੇ ਸਖਸ਼ੀਅਤਾਂ ਦੀ ਸਫਲਤਾ ਹੈ ਤੇ ਉਹ ਵਧਾਈ ਦੇ ਪਾਤਰ ਹਨ।
ਪੀਐਮ ਤੋਂ ਮੰਗੀ ਐਮਐਸਪੀ ’ਤੇ ਕਾਨੂੰਨੀ ਗਾਰੰਟੀ
ਸੀਐਮ ਚੰਨੀ ਨੇ ਕਿਹਾ ਕਿ ਜਦੋਂ ਹੁਣ ਖੇਤੀ ਕਾਨੂੰਨ ਸੰਸਦ ਵਿੱਚ ਰੱਦ ਹੋਣ ਜਾ ਰਹੇ ਹਨ ਤਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਐਮਐਸਪੀ ਦੀ ਗਰੰਟੀ ਲਈ ਕਾਨੂੰਨ ਵੀ ਬਣਾਉਣਾ ਚਾਹੀਦਾ ਹੈ, ਕਿਉੰਕਿ ਫਸਲ ਚੁਕਾਈ ਤੇ ਸੈਲਰ ਮਾਲਕਾਂ ਨੂੰ ਬੇਵਜ੍ਹਾ ਪਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਪਹਿਲਾਂ ਹੀ ਰੱਦ ਕਰ ਦੇਣੇ ਚਾਹੀਦੇ ਹਨ ਪਰ ਹੁਣ ਤਾਂ ਇਹ ਗੱਲ ਹੋ ਗਈ ਕਿ ਆਖਰ ਮੱਛੀ ਪੱਥਰ ਚੱਟ ਕੇ ਹੀ ਮੁੜੀ। ਚੰਨੀ ਨੇ ਕਿਹਾ ਕਿ ਹੁਣ ਜਦੋਂ ਭਾਜਪਾ ਨੂੰ ਇਹ ਮਹਿਸੂਸ ਹੋ ਗਿਆ ਕਿ ਪਾਰਟੀ ਯੂਪੀ ਚੋਣਾਂ ਹਾਰ ਰਹੀ ਹੈ ਤੇ ਕੋਈ ਹੋਰ ਰਾਹ ਨਹੀਂ ਬਚਿਆ ਤਾਂ ਇਹ ਕਾਨੂੰਨ ਰੱਦ ਕਰਨ ਦਾ ਫੈਸਲਾ ਲਿਆ ਗਿਆ।
ਨੀਤੀ ਆਯੋਗ ਵੇਲੇ ਤੋਂ ਹੀ ਖੇਤੀ ਦੀ ਰੀਸਟ੍ਰਕਚਰਿੰਗ ਦੀ ਕੀਤੀ ਤਿਆਰੀ
ਸੀਐਮ ਚੰਨੀ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨੇ 2019 ਵਿੱਚ ਸਹੁੰ ਚੁੱਕੀ ਸੀ, ਉਦੋਂ ਹੀ ਇਹ ਸਪਸ਼ਟ ਹੋ ਗਿਆ ਸੀ ਕਿ ਨੀਤੀ ਆਯੋਗ ਵੱਲੋਂ ਖੇਤੀ ਸੈਕਟਰ ਦੀ ਰੀਸਟ੍ਰਕਚਰਿੰਗ ਨਾਲ ਪੰਜਾਬ ਦੀ ਕਿਸਾਨੀ ’ਤੇ ਕਬਜਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਕਿਉਂਕਿ ਪੰਜਾਬੀਆਂ ਦੀ ਇਹ ਨਵਜ਼ ਹੈ। ਉਨ੍ਹਾਂ ਇਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕਿਸਾਨੀ ਸੰਘਰਸ਼ ਅੱਗੇ ਸਰਕਾਰ ਨੂੰ ਝੁਕਣਾ ਪਿਆ ਹੈ।
ਅਕਾਲੀ ਦਲ ਨੂੰ ਕਰੜੇ ਹੱਥੀਂ ਲਿਆ
ਸੀਐਮ ਚੰਨੀ ਨੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਵੀ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਨਾ ਬਣਦੇ, ਜੇਕਰ ਪੰਜਾਬ ਤੇ ਦੇਸ਼ ਦੀ ਕਿਸਾਨੀ ਦੇ ਨਾਂ ’ਤੇ ਸ਼੍ਰੋਮਣੀ ਅਕਾਲੀ ਦਲ ਮੋਢਾ ਨਾ ਦਿੱਤਾ। ਅਕਾਲੀ ਦਲ ਨੇ ਭਾਜਪਾ ਨੂੰ ਭਰੋਸਾ ਦਿਵਾ ਦਿੱਤਾ ਕਿ ਪੰਜਾਬ ਦੀ ਕਿਸਾਨੀ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਬਣਨ ਉਪਰੰਤ ਹਰਸਿਮਰਤ ਕੌਰ ਤੇ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਬਜੁਰਗ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਇਨ੍ਹਾਂ ਕਾਨੂੰਨਾਂ ਨੂੰ ਕਿਸਾਨਾਂ ਦੇ ਹਿੱਤ ਦਾ ਕਾਨੂੰਨ ਦੱਸਿਆ ਸੀ। ਸੀਐਮ ਚੰਨੀ ਨੇ ਕਿਹਾ ਕਿ ਜਦੋਂ ਕਿਸਾਨਾਂ ਨੇ ਬਾਦਲਾਂ ਨੂੰ ਪੂਰੀ ਤਰ੍ਹਾਂ ਘੇਰ ਲਿਆ ਤੇ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਤਾਂ ਅਕਾਲੀ ਦਲ ਨੇ ਭਾਜਪਾ ਦਾ ਸਾਥ ਛੱਡਿਆ।
ਆਮ ਆਦਮੀ ਪਾਰਟੀ ਦਿੱਲੀ ਵਿੱਚ ਖੇਤੀ ਕਾਨੂੰਨ ਲਾਗੂ ਕਰਨ ਦੀ ਨੋਟੀਫੀਕੇਸ਼ਨ ਰੱਦ ਕਰੇ
ਸੀਐਮ ਨੇ ਕਿਹਾ ਕਿ ਆਮ ਆਦਮੀ ਪਾਰਟੀ ਖੇਤੀ ਕਾਨੂੰਨ ਰੱਦ ਹੋਣ ’ਤੇ ਸੋਹਿਲੇ ਗਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਕਾਨੂੰਨ ਲਾਗੂ ਕਰਨ ਦੀ ਨੋਟੀਫੀਕੇਸ਼ਨ ਤੱਕ ਜਾਰੀ ਕਰ ਦਿੱਤੀ। ਚੰਨੀ ਨੇ ਆਮ ਆਦਮੀ ਪਾਰਟੀ ਨੂੰ ਕਿਹਾ ਹੈ ਕਿ ਉਹ ਵੋਟਾਂ ਦੀ ਰਾਜਨੀਤੀ ਛੱਡ ਕੇ ਪਹਿਲਾਂ ਦਿੱਲੀ ਵਿੱਚ ਖੇਤੀ ਕਾਨੂੰਨ ਦੀ ਨੋਟੀਫੀਕੇਸ਼ਨ ਰੱਦ ਕਰੇ। ਸੀਐਮ ਚੰਨੀ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਬਿਜਲੀ ਪਾਣੀ ਮੁਫਤ ਨਹੀਂ ਦਿੰਦੇ ਤੇ ਪੰਜਾਬ ਵਿੱਚ ਆ ਕੇ ਵੱਡੇ ਵਾਅਦੇ ਕੀਤੇ ਜਾਂਦੇ ਹਨ।
ਪੰਜਾਬ ਵਿੱਚ ਕਿਸਾਨੀ ਸੰਘਰਸ਼ ’ਤੇ ਬਣੇਗੀ ਯਾਦਗਾਰ
ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਤੇ ਮਜਦੂਰਾਂ ਦੀ ਹਿਤੈਸ਼ੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀਆਂ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਤੇ ਹੁਣ ਕਿਸਾਨੀ ਸੰਘਰਸ਼ ਦੇ ਨਾਂ ’ਤੇ ਪੰਜਾਬ ਵਿੱਚ ਇੱਕ ਯਾਦਗਾਰ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਆਜਾਦੀ ਦੇ ਸੰਘਰਸ਼ ਤੋਂ ਬਾਅਦ ਕਿਸਾਨੀ ਸੰਘਰਸ਼ ਵੱਡਾ ਸੰਘਰਸ਼ ਸਾਬਤ ਹੋਇਆ ਹੈ ਤੇ ਇਸ ਦੀ ਜਿੱਤ ਹੋਈ ਹੈ, ਲਿਹਾਜਾ ਇਸ ਨੂੰ ਯਾਦ ਰੱਖਣਾ ਜਰੂਰੀ ਹੈ। ਕਿਸਾਨ ਜੋ ਨਾਂ ਦੱਸਣਗੇ, ਯਾਦਗਾਰ ਦਾ ਉਹੀ ਨਾ ਰੱਖਣ ਦਾ ਐਲਾਨ ਵੀ ਸੀਐਮ ਚੰਨੀ ਨੇ ਕੀਤਾ।
ਦੇਸ਼ ਵਿੱਚ ਲੋਕਾਂ ਦਾ ਰਾਜ ਚੱਲਣਾ
ਸੀਐਮ ਚੰਨੀ ਨੇ ਕਿਹਾ ਕਿ ਜਿਸ ਤਰੀਕੇ ਨਾਲ ਖੇਤੀ ਕਾਨੂੰਨ ਲਿਆਂਦੇ ਗਏ, ਉਸ ਤਰ੍ਹਾਂ ਨਾਲ ਇਹ ਇੱਕ ਪਾਸੜ ਫੈਸਲਾ ਸੀ ਪਰ ਆਮ ਲੋਕਾਂ ਤੇ ਕਿਸਾਨਾਂ ਨੇ ਕੇਂਦਰ ਨੂੰ ਨਸੀਹਤ ਦੇ ਦਿੱਤੀ ਕਿ ਦੇਸ਼ ਵਿੱਚ ਲੋਕਾਂ ਦਾ ਰਾਜ ਚੱਲਣਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਮਰਥਨ ਤੇ ਸੰਘਰਸ਼ ਤੋਂ ਹੀ ਕੇਂਦਰ ਸਰਕਾਰ ਕਾਨੂੰਨ ਵਾਪਸ ਲੈਣ ਦਾ ਫੈਸਲਾ ਲੈਣ ’ਤੇ ਮਜਬੂਰ ਹੋਈ ਹੈ ਤੇ ਹੁਣ ਇਹ ਤੈਅ ਹੋ ਗਿਆ ਹੈ ਕਿ ਦੇਸ਼ ਵਿੱਚ ਲੋਕਤੰਤਰੀ ਰਾਜ ਚੱਲੇਗਾ।
ਅਕਾਲੀ ਦਲ ਨੇ ਕਾਨੂੰਨ ਲਿਆਂਦੇ, ਅਸੀਂ ਰੱਦ ਕੀਤੇ
ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਾਨੂੰਨ ਬਣਾਏ ਸੀ। ਸਰਕਾਰ ਨੇ 2013 ਵਿੱਚ ਖੇਤੀ ਕਾਨੂੰਨਾਂ ਦਾ ਮੁੱਢ ਬੰਨ੍ਹ ਦਿੱਤਾ ਸੀ ਪਰ ਸਾਡੀ ਸਰਕਾਰ ਨੇ ਇਹ ਕਾਨੂੰਨ ਰੱਦ ਕੀਤੇ। ਹੁਣ ਫੇਰ ਇਜਲਾਸ ਬੁਲਾ ਕੇ ਇਹ ਕਾਨੂੰਨ ਰੱਦ ਕਰ ਦਿੱਤੇ ਗਏ।
ਬੀਐਸਐਫ ’ਤੇ ਵੀ ਲੜਾਈ ਜਰੂਰੀ
ਪੰਜਾਬ ਵਿੱਚ ਬੀਐਸਐਫ ਦਾ ਦਾਇਰਾ ਵਧਾਉਣ ਬਾਰੇ ਵੀ ਸੀਐਮ ਚੰਨੀ ਨੇ ਪੀਐਮ ਮੋਦੀ ਨੂੰ ਅਪੀਲ ਕੀਤੀ ਕਿ ਇਸ ਫੈਸਲੇ ਨੂੰ ਵਾਪਸ ਲੈਣ। ਉਨ੍ਹਾਂ ਕਿਹਾ ਕਿ ਕੇਂਦਰ ਕੋਲ ਕੋਈ ਅਧਿਕਾਰ ਨਹੀਂ ਕਿ ਉਹ ਸੂਬਿਆਂ ਦੇ ਸੰਘੀ ਅਧਿਕਾਰ ਖਤਮ ਕਰਕੇ ਆਪ ਮੁਖਤਾਰੀ ਕਰੇ। ਸੀਐਮ ਨੇ ਇਹ ਵੀ ਕਿਹਾ ਕਿ ਪੰਜਾਬ ਦੀਆਂ ਜਥੇਬੰਦੀਆਂ ਇਸ ਮੁੱਦੇ ’ਤੇ ਵੀ ਸੰਘਰਸ਼ ਕਰੇ।
ਪੰਜਾਬ ਨੂੰ ਲੁੱਟਣ ਲਈ ਸਾਰੇ ਇੱਕ ਹੋ ਜਾਂਦੇ ਹਨ
ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਵੱਲੋਂ ਭਾਜਪਾ ਨਾਲ ਸਮਝੌਤਾ ਨਾ ਕਰਨ ਦੇ ਬਿਆਨ ਦੇਣ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਜਪਾ ਨਾਲ ਮਿਲ ਕੇ ਚੋਣ ਲੜਨ ਦੇ ਮੁੱਦੇ ’ਤੇ ਪੁੱਛੇ ਸੁਆਲ ਦੇ ਜਵਾਬ ਵਿੱਚ ਸੀਐਮ ਚੰਨੀ ਨੇ ਕਿਹਾ ਕਿ ਇਹ ਇੱਕੋ ਥੈਲੀ ਦੇ ਚੱਟੇ ਵੱਟੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਲੁੱਟਣ ਵੇਲੇ ਸਾਰੇ ਇੱਕ ਹੋ ਜਾਂਦੇ ਹਨ।