ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚਲਦੇ ਸ਼ਹਿਰ 'ਚ ਪ੍ਰਸ਼ਾਸਨ ਵੱਲੋਂ ਕਰਫਿਊ ਲਗਾਇਆ ਗਿਆ ਹੈ। ਪੀਜੀਆਈ 'ਚ ਕੋਰੋਨਾ ਵਾਇਰਸ ਦੇ ਚਲਦੇ ਖ਼ੂਨਦਾਨ ਕਰਨ ਵਾਲੇ ਲੋਕਾਂ 'ਚ ਕਮੀ ਆਈ ਹੈ। ਪੀਜੀਆਈ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਬੇਸ਼ੱਕ ਲੌਕਡਾਊਨ ਕਰਕੇ ਸਾਰਾ ਕੁਝ ਬੰਦ ਹੈ ਪਰ ਆਮ ਸਰਜਰੀਜ਼ ਤੇ ਕੈਂਸਰ ਮਰੀਜ਼ਾ ਦਾ ਲਗਾਤਾਰ ਇਲਾਜ਼ ਚੱਲ ਰਿਹਾ ਹੈ। ਕਰਫਿਊ ਕਾਰਨ ਪੀਜੀਆਈ ਵੀ ਖ਼ੂਨ ਦੀ ਕਮੀ ਦੇ ਨਾਲ ਜੂਝ ਰਿਹ ਹੈ।
ਅਜਿਹੇ 'ਚ ਲੋਕਾਂ ਨੂੰ ਜਾਗਰੂਕ ਕਰਨ ਲਈ ਡਾਕਟਰਾਂ ਨੇ ਦੱਸਿਆ ਕਿ ਖ਼ੂਨ ਦੇਣ ਨਾਲ ਜਾਂ ਖ਼ੂਨ ਦੇ ਰਾਹੀ ਕੋਰੋਨਾ ਵਾਇਰਸ ਨਹੀਂ ਫੈਲਦਾ ਹੈ। ਪੀਜੀਆਈ ਦੇ ਡਾਕਟਰ ਆਰ ਸ਼ਰਮਾ ਨੇ ਦੱਸਿਆ ਕਿ ਹਸਪਤਾਲ ਵਿੱਚ ਹਮੇਸ਼ਾਂ ਹੀ ਮਰੀਜ਼ਾਂ ਨੂੰ ਖ਼ੂਨ ਦੀ ਜ਼ਰੂਰਤ ਪੈਂਦੀ ਹੈ। ਇਸ ਕਰਕੇ ਪੀਜੀਆਈ ਵਿੱਚ ਖੂਨਦਾਨ ਕਰਨ ਦੇ ਲਈ ਲੋਕ ਆਪਣੀ ਇੱਛਾ ਦੇ ਨਾਲ ਵੀ ਆ ਰਹੇ ਹਨ।
ਆਰ ਸ਼ਰਮਾ ਨੇ ਦੱਸਿਆ ਕਿ ਪੀਜੀਆਈ ਦੇ ਵਿੱਚ ਜੋ ਖ਼ੂਨਦਾਨ ਬੈਂਕ ਬਣਿਆ ਹੈ ਇਹ ਬਿਲਕੁਲ ਬਾਹਰੋ ਬਾਹਰ ਹੈ। ਇਸ 'ਚ ਸਮਾਜਿਕ ਦੂਰੀ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਇਸ ਤੋਂ ਅਲਾਵਾ ਹਰ ਆਉਣ ਜਾਉਣ ਵਾਲੇ ਦਾ ਤਾਪਮਾਨ ਚੈੱਕ ਕੀਤਾ ਜਾ ਰਿਹਾ ਹੈ ਤੇ ਉਸ ਦੇ ਹੱਥ ਵੀ ਸੈਨੇਟਰਜ਼ ਕਰਾਏ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਵੀ ਪੀਜੀਆਈ ਦੇ ਵਿੱਚ ਖ਼ੂਨ ਦੀ ਡਿਮਾਂਡ ਘਟੀ ਨਹੀਂ ਹੈ ਸਗੋਂ ਵਧੀ ਹੀ ਹੈ। ਇਸ ਕਰਕੇ ਜੋ ਵੀ ਪੀਜੀਆਈ ਦੇ ਵਿੱਚ ਖੂਨਦਾਨ ਕਰਨਾ ਚਾਹੁੰਦਾ ਹੈ ਅਤੇ ਕਰਫਿਊ ਹੋਣ ਦੇ ਕਾਰਨ ਉਹ ਪੀਜੀਆਈ ਤੱਕ ਨਹੀਂ ਪਹੁੰਚ ਪਾ ਰਹੇ। ਉਹ ਪੀਜੀਆਈ ਦੇ ਦਿੱਤੇ ਗਏ ਹੈਲਪ ਲਾਈਨ ਨੰਬਰ 'ਤੇ ਗੱਲ ਕਰ ਸਕਦੇ ਹਨ।
ਪੀਜੀਆਈ ਦੀ ਗੱਡੀ ਉਨ੍ਹਾਂ ਨੂੰ ਆਪ ਆ ਕੇ ਲੈ ਕੇ ਜਾਵੇਗੀ ਅਤੇ ਖ਼ੂਨਦਾਨ ਕਰਨ ਤੋਂ ਬਾਅਦ 'ਚ ਘਰ ਛੱਡ ਕੇ ਆਵੇਗੀ। ਉੱਥੇ ਹੀ ਖ਼ੂਨਦਾਨ ਕਰਨ ਵਾਲੇ ਵਿਅਕਤੀਆਂ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਗੱਲ 'ਤੇ ਖੁਸ਼ੀ ਜਤਾਈ ਕਿ ਸਾਨੂੰ ਮਾਣ ਹੈ ਅਸੀਂ ਸੰਕਟ ਦੀ ਇਸ ਘੜੀ ਦੇ ਵਿੱਚ ਵੀ ਖ਼ੂਨਦਾਨ ਕਰਕੇ ਜ਼ਰੂਰਤਮੰਦਾਂ ਦੀ ਸੇਵਾ ਕਰ ਰਹੇ ਹਾਂ ਅਤੇ ਅੱਗੇ ਜਦੋਂ ਵੀ ਮੌਕਾ ਮਿਲਿਆ ਅਸੀਂ ਸੇਵਾ ਕਰਦੇ ਰਹਾਂਗੇ।