ਚੰਡੀਗੜ੍ਹ: ਪੰਜਾਬ ਵਿੱਚ ਚੋਣਾਂ ਹੋਣ 'ਚ ਅਜੇ 13 ਦਿਨ ਬਾਕੀ ਹਨ ਅਤੇ ਇਸ ਤੋਂ ਪਹਿਲਾਂ ਹੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੱਡਾ ਖੁਲਾਸਾ ਕੀਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਾਅਵਾ ਕੀਤਾ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਉਰਫ ਹਨੀ ਨੇ ਹਿਰਾਸਤ ਵਿਚ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਸ ਨੇ ਮਾਈਨਿੰਗ ਅਫਸਰਾਂ ਦੇ ਤਬਾਦਲੇ ਅਤੇ ਤਾਇਨਾਤੀਆਂ ਦੇ ਬਦਲੇ ਰੇਤ ਮਾਫੀਆ ਤੋਂ 10 ਕਰੋੜ ਰੁਪਏ ਨਕਦ ਲਏ ਸਨ।
ਮੀਡੀਆ ਮੁਤਾਬਿਕ ਸੋਮਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਗ੍ਰਿਫਤਾਰ ਭਤੀਜੇ ਭੁਪਿੰਦਰ ਸਿੰਘ ਉਰਫ ਹਨੀ ਨੇ ਮੰਨਿਆ ਹੈ ਕਿ ਉਸ ਨੂੰ ਰੇਤ ਦੀ ਖੁਦਾਈ ਦੇ ਕੰਮਾਂ ਅਤੇ ਅਧਿਕਾਰੀਆਂ ਦੇ ਤਬਾਦਲੇ ਜਾਂ ਤਾਇਨਾਤੀਆਂ ਦੇ ਬਦਲੇ 10 ਕਰੋੜ ਰੁਪਏ ਨਕਦ ਮਿਲੇ ਹਨ। ਹਨੀ ਨੂੰ ਕੇਂਦਰੀ ਏਜੰਸੀ ਨੇ 3 ਫਰਵਰੀ ਨੂੰ ਜਲੰਧਰ ਤੋਂ ਪੰਜਾਬ ਵਿੱਚ ਰੇਤ ਦੀ ਖੁਦਾਈ ਦੇ ਕਥਿਤ ਆਪ੍ਰੇਸ਼ਨਾਂ ਦੀ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਹਿਰਾਸਤ ਵਿੱਚ ਲਿਆ ਸੀ।
18 ਜਨਵਰੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਭੁਪਿੰਦਰ ਸਿੰਘ ਹਨੀ ਅਤੇ ਉਸ ਦੇ ਸਾਥੀਆਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਸੀ। ਕੇਂਦਰੀ ਏਜੰਸੀ ਨੇ ਹਨੀ ਦੇ ਘਰੋਂ ਕਰੀਬ 7.9 ਕਰੋੜ ਰੁਪਏ ਅਤੇ ਇੱਕ ਹੋਰ ਵਿਅਕਤੀ ਸੰਦੀਪ ਕੁਮਾਰ ਤੋਂ ਕਰੀਬ 2 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ।
ਏਜੰਸੀ ਨੇ ਤਲਾਸ਼ੀ ਦੌਰਾਨ ਕੁਦਰਤਦੀਪ ਸਿੰਘ, ਭੁਪਿੰਦਰ ਸਿੰਘ ਹਨੀ, ਹਨੀ ਦੇ ਪਿਤਾ ਸੰਤੋਖ ਸਿੰਘ ਅਤੇ ਸੰਦੀਪ ਕੁਮਾਰ ਦੇ ਬਿਆਨ ਦਰਜ ਕੀਤੇ ਹਨ। ਮੀਡੀਆ ਵਿੱਚ ਖ਼ਬਰਾਂ ਦੇ ਮੁਤਾਬਿਕ ਸਾਰੇ ਬਿਆਨਾਂ ਨੇ ਮੰਨਿਆ ਹੈ ਕਿ ਜ਼ਬਤ ਕੀਤੇ 10 ਕਰੋੜ ਰੁਪਏ ਭੁਪਿੰਦਰ ਸਿੰਘ ਹਨੀ ਦੇ ਹਨ। ਈਡੀ ਦਾ ਦਾਅਵਾ ਹੈ ਕਿ ਭੁਪਿੰਦਰ ਸਿੰਘ ਹਨੀ ਨੇ ਖੁਦ ਮੰਨਿਆ ਹੈ ਕਿ ਉਸ ਨੇ ਰੇਤ ਦੀ ਖੁਦਾਈ ਦੇ ਕੰਮ ਅਤੇ ਅਧਿਕਾਰੀਆਂ ਦੇ ਤਬਾਦਲੇ ਦੇ ਬਦਲੇ ਨਕਦੀ ਪ੍ਰਾਪਤ ਕੀਤੀ ਸੀ।
ਈਡੀ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਹਨੀ ਅਤੇ ਉਸ ਦੇ ਦੋਸਤ ਦੇ ਘਰੋਂ 10 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਤਾਂ ਉਸ ਨੇ ਕਿਹਾ ਕਿ ਉਹ ਰੇਤ ਦਾ ਕਾਰੋਬਾਰ ਕਰਦਾ ਹੈ ਅਤੇ ਉਸ ਦੀਆਂ ਆਪਣੀਆਂ ਕੰਪਨੀਆਂ ਵੀ ਹਨ, ਜਿਨ੍ਹਾਂ ਤੋਂ ਉਸ ਨੇ ਪੈਸਾ ਕਮਾਇਆ ਹੈ। ਇਸ ਤੋਂ ਬਾਅਦ ਉਸ ਨੂੰ ਪੁੱਛਗਿੱਛ ਲਈ ਈਡੀ ਦੇ ਜਲੰਧਰ ਦਫ਼ਤਰ 'ਚ ਤਲਬ ਕੀਤਾ ਗਿਆ। ਉੱਥੇ ਸਾਰੇ ਸਵਾਲ ਉਸ ਦੇ ਸਾਹਮਣੇ ਰੱਖੇ ਗਏ ਤਾਂ ਉਹ ਟਾਲ-ਮਟੋਲ ਕਰਨ ਲੱਗਾ।
ਇਸ ਤੋਂ ਬਾਅਦ ਜਦੋਂ ਉਸ ਦੀ ਗਲਤ ਕਮਾਈ ਦੇ ਸਾਰੇ ਦਸਤਾਵੇਜ਼ ਉਸ ਦੇ ਸਾਹਮਣੇ ਰੱਖੇ ਗਏ ਤਾਂ ਉਹ ਇਧਰ-ਉਧਰ ਘੁੰਮਣ ਲੱਗਾ ਪਰ ਇਸ ਨਾਲ ਈਡੀ ਦਾ ਸ਼ੱਕ ਪੱਕਾ ਹੋ ਗਿਆ। ਜਿਸ ਤੋਂ ਬਾਅਦ 3 ਤਰੀਕ ਨੂੰ ਹੀ ਹਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ। 4 ਫਰਵਰੀ ਨੂੰ ਉਸ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਗਿਆ ਸੀ। ਰਿਮਾਂਡ ਦੇ ਦੂਜੇ ਦਿਨ ਸਖ਼ਤੀ ਕਰਦਿਆਂ ਉਸ ਨੇ ਸਾਰੇ ਰਾਜ਼ ਖੋਲ੍ਹ ਦਿੱਤੇ।
ਤੁਹਾਨੂੰ ਦੱਸ ਦੇਈਏ ਕਿ ਹਨੀ, ਕੁਦਰਤਦੀਪ ਸਿੰਘ ਅਤੇ ਸੰਦੀਪ ਕੁਮਾਰ ਪ੍ਰੋਵਾਈਡਰ ਓਵਰਸੀਜ਼ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ਨਾਮ ਦੀ ਕੰਪਨੀ ਚਲਾਉਂਦੇ ਹਨ, ਜਿਸ 'ਤੇ ਪਿਛਲੇ ਮਹੀਨੇ ਈਡੀ ਨੇ ਪੰਜਾਬ 'ਚ ਛਾਪੇਮਾਰੀ ਕੀਤੀ ਸੀ।
ਇਹ ਵੀ ਪੜ੍ਹੋ: ਸੀਐੱਮ ਚੰਨੀ ਦੇ ਭਾਣਜੇ ਦੀ ਗ੍ਰਿਫਤਾਰੀ ਤੋਂ ਬਾਅਦ ਭਖੀ ਸਿਆਸਤ