ਚੰਡੀਗੜ੍ਹ: ਅਜੋਕੇ ਸਮੇਂ 'ਚ ਹਰ ਕਈ ਨੌਕਰੀ ਦੀ ਭਾਲ 'ਚ ਘੁੰਮਦਾ ਹੈ। ਚੰਡੀਗੜ੍ਹ ਦਾ ਆਸ਼ੂ ਗੁਲਾਟੀ ਨੌਕਰੀ ਦੀ ਭਾਲ 'ਚ ਨਾ ਘੁੰਮ ਪ੍ਰਧਾਨ ਮੰਤਰੀ ਦੇ ਦਿੱਤੇ ਨਾਅਰੇ ਆਤਮ-ਨਿਰਭਰ ਭਾਰਤ 'ਤੇ ਅਮਲ ਕਰ ਰਿਹਾ ਹੈ। ਆਸ਼ੂ ਪੋਸਟ ਗ੍ਰੈਜੁਏਟ ਹੈ ਅਤੇ ਉਸ ਨੇ ਚੰਡੀਗੜ੍ਹ ਦੇ ਹੀ ਆਈਟੀਐਫਟੀ ਕਾਲਜ ਤੋਂ ਐਮਐਸਸੀ ਹਾਸਪਿਟੈਲਿਟੀ ਦੀ ਡਿਗਰੀ ਹਾਸਲ ਕੀਤੀ ਹੈ। ਪਰ ਅੱਜ ਦੇ ਸਮੇਂ 'ਚ ਆਸ਼ੂ ਚੰਡੀਗੜ੍ਹ ਦੇ ਸੈਕਟਰ 32 'ਚ ਜਲੇਬੀਆਂ ਦੀ ਰੇਹੜੀ ਲਾਉਂਦਾ ਹੈ।
ਗੱਲਬਾਤ ਕਰ ਆਸ਼ੂ ਨੇ ਦੱਸਿਆ ਕਿ ਉਸ ਨੂੰ ਇਹ ਕੰਮ ਕਰਦਿਆਂ 22 ਸਾਲ ਹੋ ਗਏ ਹਨ। ਉਸ ਨੇ ਕਿਹਾ ਜਦ ਉਹ 8 ਸਾਲਾਂ ਦਾ ਸੀ ਤਾਂ ਆਪਣੇ ਪਿਤਾ ਨਾਲ ਉਹ ਇਸ ਕੰਮ 'ਚ ਮਦਦ ਕਰਦਾ ਸੀ ਅਤੇ ਇਸ ਕੰਮ ਨੂੰ ਸਿੱਖਦਾ ਸੀ। ਉਸ ਨੇ ਕਿਹਾ ਕਿ ਉਸ ਨੇ ਆਪਣੇ ਪਿਤਾ ਤੋਂ ਗ੍ਰਾਹਕਾਂ ਨਾਲ ਪੇਸ਼ ਆਉਣਾ ਵੀ ਸਿੱਖਿਆ। ਆਪਣੀ ਕਹਾਣੀ ਦੱਸਦਿਆਂ ਆਸ਼ੂ ਨੇ ਕਿਹਾ ਉਸ ਦੇ ਪਿਤਾ ਉਸ ਦੀ ਪੜ੍ਹਾਈ ਦਾ ਖ਼ਰਚ ਨਹੀਂ ਚੁੱਕ ਸਕਦੇ ਸਨ। ਜਿਸ ਤੋਂ ਬਾਅਦ ਆਸ਼ੂ ਨੇ ਖ਼ੁਦ ਇਹ ਕੰਮ ਸਾਂਭਿਆ ਅਤੇ ਆਪਣੀ ਪੜ੍ਹਾਈ ਪੂਰੀ ਕੀਤੀ।
ਆਸ਼ੂ ਦੇਸੀ ਘਿਓ 'ਚ ਜਲੇਬੀਆਂ ਬਣਾਉਂਦਾ ਹੈ ਅਤੇ ਰਬੜੀ ਦੇ ਨਾਲ ਦਿੰਦਾ ਹੈ। ਉਸ ਦੀਆਂ ਜਲੇਬੀਆਂ ਪੂਰੇ ਚੰਡੀਗੜ੍ਹ 'ਚ ਮਸ਼ਹੂਰ ਹਨ। ਆਸ਼ੂ ਦਾ ਦਹਿਣਾ ਹੈ ਕਿ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ।
ਆਸ਼ੂ ਦਾ ਕਹਿਣਾ ਹੈ ਕਿ ਉਸ ਨੇ ਡਿਗਰੀ ਕੰਮ 'ਚ ਮਦਦ ਲਈ ਹਾਸਲ ਕੀਤੀ ਹੈ। ਉਸ ਨੇ ਕਿਹਾ ਕਿ ਅਜੋਕੇ ਸਮੇਂ ਚ ਹਰ ਕੋਈ ਨੌਕਰੀ ਕਰਨਾ ਚਾਹੁੰਦਾ ਪਰ ਆਪਣਾ ਖ਼ੁਦ ਦਾ ਕੰਮ ਕਰਨਾ ਨਹੀਂ ਚਾਹੁੰਦਾ, ਅਤੇ ਨੌਕਰੀ ਨਾ ਮਿਲਣ 'ਤੇ ਘਰ ਬੈਠ ਜਾਂਦਾ ਹੈ। ਉਸ ਨੇ ਸੁਨੇਹਾ ਦਿੰਦਿਆਂ ਕਿਹਾ ਕਿ ਆਤਮ ਨਿਰਭਰ ਬਣੋ ਅਤੇ ਨੌਕਰੀ ਦੇ ਪਿੱਛੇ ਨਾ ਭੱਜ ਆਪਣਾ ਕੰਮ ਕਰੋ।