ਚੰਡੀਗੜ੍ਹ: ਪਿਛਲੇ ਦਿਨੀਂ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ -34 ਸਥਿਤ ਐਕਸਿਸ ਬੈਂਕ ਵਿਖੇ ਚੋਰੀ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਸੀ। ਜਿੱਥੇ ਸੁਰੱਖਿਆ ਗਾਰਡ ਬੈਂਕ ਵਿੱਚੋਂ 4 ਕਰੋੜ ਰੁਪਏ ਚੋਰੀ ਕਰਕੇ ਫਰਾਰ ਹੋ ਗਿਆ ਸੀ। ਇਸ ਚੋਰੀ ਦੀ ਵਾਰਦਾਤ ਉੱਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਲੰਘੀ ਦੇਰ ਰਾਤ ਨੂੰ 4 ਕਰੋੜ ਦੀ ਲੁੱਟ ਕਰਨ ਵਾਲੇ ਸੁਰੱਖਿਆ ਗਾਰਡ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਮੁਲਜ਼ਮ ਗਾਰਡ ਤੋਂ 4 ਕਰੋੜ ਰੁਪਏ ਵੀ ਬਰਾਮਦ ਕੀਤੇ ਹਨ।
ਕਿਵੇਂ ਸੁਰੱਖਿਆ ਗਾਰਡ ਉੱਤੇ ਪਿਆ ਸ਼ੱਕ
ਚੋਰੀ ਦਾ ਵਾਰਦਾਤ ਤੋਂ ਬਾਅਦ ਬੈਂਕ ਕਰਮਚਾਰੀਆਂ ਨੇ ਦੱਸਿਆ ਕਿ ਸੁਰੱਖਿਆ ਗਾਰਡ ਦੀ ਡਿਊਟੀ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਹੁੰਦੀ ਹੈ। ਪਰ ਉਹ ਸਵੇਰੇ 3 ਵਜੇ ਤੋਂ ਲਾਪਤਾ ਸੀ ਅਤੇ ਸੀਸੀਟੀਵੀ ਫੁਟੇਜ ਵਿੱਚ ਉਹ ਆਖਰੀ ਵਾਰ 3 ਵਜੇ ਵੇਖਿਆ ਗਿਆ ਸੀ। ਜਿਸ ਕਾਰਨ ਉਨ੍ਹਾਂ ਨੂੰ ਪੂਰਾ ਸ਼ੱਕ ਹੈ ਕਿ ਗਾਰਡ ਨੇ 4 ਕਰੋੜ ਦੀ ਚੋਰੀ ਕੀਤੀ ਹੈ। ਸੀਸੀਟੀਵੀ ਫੁਟੇਜ ਵਿੱਚ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਮੁਲਜ਼ਮ ਸੁਰੱਖਿਆ ਗਾਰਡ ਪੈਸੇ ਬੈਗ ਵਿੱਚ ਭਰ ਕੇ ਬੈਂਕ ਬਾਹਰ ਜਾਂਦਾ ਹੈ।
ਘਟਨਾ ਦੇ ਸਮੇਂ ਪੰਜਾਬ ਪੁਲਿਸ ਦੇ 4 ਜਵਾਨ ਵੀ ਡਿਊਟੀ 'ਤੇ ਸਨ ਤੈਨਾਤ
ਜਿਸ ਸਮੇਂ ਗਾਰਡ ਨੇ ਬੈਂਕ ਵਿੱਚ ਲੁੱਟ ਕੀਤੀ ਸੀ, ਉਸ ਸਮੇਂ ਪੰਜਾਬ ਪੁਲਿਸ ਦੇ 4 ਜਵਾਨ ਵੀ ਉਸ ਨਾਲ ਡਿਊਟੀ 'ਤੇ ਸਨ, ਪਰ ਉਨ੍ਹਾਂ ਨੂੰ ਵੀ ਚੋਰੀ ਦਾ ਪਤਾ ਨਹੀਂ ਲੱਗ ਸਕਿਆ। ਦੱਸ ਦੇਈਏ ਕਿ ਮੁਲਜ਼ਮ ਸੁਮਿਤ ਮੁਹਾਲੀ ਦੇ ਪਿੰਡ ਸੋਹਾਨਾ ਦਾ ਵਸਨੀਕ ਹੈ। ਮੁਲਜ਼ਮ ਨੇ ਪੈਸੇ ਨਾਲ ਭਰੇ ਡੱਬੇ ਦਾ ਤਾਲਾ ਨਹੀਂ ਤੋੜਿਆ, ਬਲਕਿ ਟਰੰਕ ਨੂੰ ਪਿਛਲੇ ਪਾਸੇ ਤੋਂ ਕੱਟ ਕੇ ਉਸ ਵਿੱਚੋਂ ਪੈਸੇ ਕੱਢੇ ਹਨ।