ਚੰਡੀਗੜ੍ਹ: ਸੈਕਟਰ 32 ਵਿੱਚ ਪੀਜੀ ਨੂੰ ਅੱਗ ਲੱਗਣ ਦੇ ਮਾਮਲੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਚੰਡੀਗੜ੍ਹ ਵਿੱਚ ਚੱਲ ਰਹੇ ਨਾਜਾਇਜ਼ ਪੀਜੀ ਉੱਤੇ ਕਾਰਵਾਈ ਕਰਨ ਦੀ ਗੱਲ ਕਰ ਰਹੇ ਹਨ। ਦੂਜੇ ਪਾਸੇ, ਪੀਜੀ ਨੂੰ ਅੱਗ ਲੱਗਣ ਦੇ ਮਾਮਲੇ ਵਿੱਚ ਚੰਡੀਗੜ੍ਹ ਦੀ ਮੇਅਰ ਰਾਜਬਾਲਾ ਮਲਿਕ ਨੇ ਕਿਹਾ ਹੈ ਕਿ ਪ੍ਰਸ਼ਾਸਨ ਦੇ ਨਾਲ ਪੀਜੀ ਵਿੱਚ ਆਉਣ ਵਾਲੇ ਬੱਚਿਆਂ ਨੂੰ ਵੀ ਆਪਣੀ ਸੁਰੱਖਿਆ ਦਾ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਦਾ ਇਹ ਬਿਆਨ ਸੰਕੇਤ ਕਰਦਾ ਹੈ ਕਿ ਸਾਰੀ ਜ਼ਿੰਮੇਵਾਰੀ ਨਾ ਸਿਰਫ਼ ਪ੍ਰਸ਼ਾਸਨ ਦੀ ਹੈ, ਸਗੋਂ ਖ਼ੁਦ ਬੱਚਿਆਂ ਦੀ ਵੀ ਹੈ।
ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਪ੍ਰਸ਼ਾਸਨ ਦੀ ਲਾਪਰਵਾਹੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਚੰਡੀਗੜ੍ਹ ਵਿੱਚ ਬਹੁਤੇ ਪੀਜੀ ਗ਼ੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਹਨ। ਅਜਿਹੀ ਸਥਿਤੀ ਵਿੱਚ ਬੱਚਿਆਂ ਨੂੰ ਸਮਝ ਲੈਣਾ ਚਾਹੀਦਾ ਹੈ, ਕਿ ਉਨ੍ਹਾਂ ਦੀ ਸੁਰੱਖਿਆ ਵੀ ਮਹੱਤਵਪੂਰਨ ਹੈ। ਪਰ ਉਹ ਸਾਫ਼ ਨਹੀਂ ਕਰ ਸਕੀ ਕਿ ਬੱਚੇ ਆਪਣੀ ਸੁਰੱਖਿਆ ਦਾ ਕਿਵੇਂ ਖਿਆਲ ਰੱਖਣਗੇ। ਕਿਉਂਕਿ ਇੱਕ ਪੀਜੀ ਦੀ ਸੁਰੱਖਿਆ ਪੀਜੀ ਮਾਲਕ ਦੀ ਜ਼ਿੰਮੇਵਾਰੀ ਹੈ, ਤੇ ਨਾਲ ਹੀ ਪ੍ਰਸ਼ਾਸਨ ਦੀ ਵੀ।
ਹਾਲਾਂਕਿ, ਬਾਅਦ ਵਿੱਚ ਮੇਅਰ ਨੇ ਕਿਹਾ ਕਿ ਉਹ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕਰੇਗੀ ਤੇ ਉਨ੍ਹਾਂ ਨੂੰ ਅਪੀਲ ਕਰੇਗੀ ਕਿ ਉਹ ਚੰਡੀਗੜ੍ਹ ਵਿੱਚ ਚੱਲ ਰਹੇ ਗ਼ੈਰ-ਕਾਨੂੰਨੀ ਪੀ.ਜੀ. ਦਾ ਸਰਵੇਖਣ ਕਰਵਾਉਣ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਕਾਰਵਾਈ ਕਰਾਉਣ।
32 ਡੀ ਦੇ ਪੀਜੀ 'ਚ ਅੱਗ ਲੱਗਣ ਨਾਲ 3 ਕੁੜੀਆਂ ਦੀ ਹੋਈ ਮੌਤ
ਤੁਹਾਨੂੰ ਦੱਸ ਦੇਈਏ ਕਿ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਸੈਕਟਰ 32 ਵਿੱਚ ਸਥਿਤ ਪੀਜੀ ਵਿੱਚ ਭਿਆਨਕ ਅੱਗ ਲੱਗ ਗਈ ਸੀ। ਅੱਗ ਲੱਗਣ ਕਾਰਨ ਤਿੰਨ ਲੜਕੀਆਂ ਦੀ ਮੌਤ ਹੋ ਗਈ, ਜਦਕਿ 2 ਹੋਰ ਜ਼ਖ਼ਮੀ ਹੋ ਗਈਆਂ ਸਨ। ਮਰਨ ਵਾਲੀਆਂ ਲੜਕੀਆਂ ਦੀ ਉਮਰ ਕਰੀਬ 20 ਸਾਲ ਦੱਸੀ ਜਾਂਦੀ ਹੈ।