ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਲਾਕਾਤ ਉਪਰੰਤ ਸਾਬਕਾ ਸੀਐਮ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਉਨ੍ਹਾਂ ਦੀ ਰਿਹਾਇਸ਼ ‘ਤੇ ਬੇਟੀ ਜੈਇੰਦਰ ਕੌਰ ਦੇ ਨਾਲ ਪੁੱਜੇ ਸੀ।
ਬੀਬੀ ਭੱਠਲ ਨੇ ਕੈਪਟਨ ਨਾਲ ਇਸ ਮੁਲਾਕਾਤ ਨੂੰ ਸਰਸਰੀ ਮੁਲਾਕਾਤ ਦੱਸਿਆ ਤੇ ਕਿਹਾ ਕਿ ਉਹ ਆਮ ਤੌਰ ‘ਤੇ ਉਨ੍ਹਾਂ ਦੇ ਘਰ ਆਉਂਦੇ ਜਾਂਦੇ ਰਹਿੰਦੇ ਹਨ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਜ ਦੀ ਮੁਲਾਕਾਤ ਦੌਰਾਨ ਸੂਬੇ ਦੇ ਸਿਆਸੀ ਹਾਲਾਤ ‘ਤੇ ਚਰਚਾ ਹੋਈ। ਭੱਠਲ ਨੇ ਕਿਹਾ ਕਿ ਇਸ ਵੇਲੇ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਜਰੂਰਤ ਹੈ ਤਾਂ ਜੋ ਪਾਰਟੀ ਮੁੜ ਸੱਤਾ ਵਿੱਚ ਆ ਸਕੇ।
ਇੱਕ ਸੁਆਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬੇਅਦਬੀ, ਬੇਰੋਜਗਾਰੀ ਤੇ ਮਾਫੀਆ ਬਾਰੇ ਉਨ੍ਹਾਂ ਦੀ ਪਾਰਟੀ ਤੇ ਸਰਕਾਰ ਕੰਮ ਕਰ ਰਹੀ ਹੈ। ਕਾਫੀ ਕੰਮ ਕੀਤਾ ਗਿਆ ਹੈ ਤੇ ਜੇ ਕੋਈ ਕਸਰ ਰਹਿੰਦੀ ਹੈ, ਉਹ ਦੂਰ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਕੈਪਟਨ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ‘ਤੇ ਪੇਸ਼ ਕਰਨ ਦੇ ਸੁਆਲ ‘ਤੇ ਕਿਹਾ ਕਿ ਮੀਡੀਆ ਨਾਲ ਹਰੀਸ਼ ਰਾਵਤ ਦੀ ਹੋਈ ਗੱਲਬਾਤ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਪਰ ਲਗੇ ਹੱਥ ਕਿਹਾ ਕਿ ਪਾਰਟੀ ਹਾਈਕਮਾਂਡ ਜੋ ਫੈਸਲਾ ਲਵੇਗੀ, ਉਸ ਦੇ ਮੁਤਾਬਕ ਹੀ ਪਾਰਟੀ ਪੰਜਾਬ ਵਿੱਚ ਕੰਮ ਕਰੇਗੀ।
ਕਾਂਗਰਸ ਹਾਈਕਮਾਂਡ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਲਗਾਉਣ ਉਪਰੰਤ ਬੈਕਫੁੱਟ ‘ਤੇ ਚਲੇ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਹਾਈਕਮਾਂਡ ਤੋਂ ਹੱਲਾਸ਼ੇਰੀ ਰੂਪੀ ਆਕਸੀਜਨ ਮਿਲਣ ਉਪਰੰਤ ਉਨ੍ਹਾਂ ਨੇ ਲਾਮਬੰਦੀ ਦੀਆਂ ਸਰਗਰਮੀਆਂ ਇੱਕ ਦਮ ਤੇਜ ਕਰ ਦਿੱਤੀਆਂ ਹਨ। ਇਸੇ ਸਿਲਸਿਲੇ ਵਿੱਚ ਉਹ ਸ਼ੁੱਕਰਵਾਰ ਨੂੰ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ ਗਈ।
ਬੀਤੀ ਰਾਤ ਹੀ ਡਿਨਰ ਰੱਖਿਆ ਸੀ
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਵੀਰਵਾਰ ਰਾਤ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਦੀ ਰਿਹਾਇਸ਼ ‘ਤੇ ਡਿਨਰ ਡਿਪਲੋਮੈਸੀ ਤਹਿਤ ਸ਼ਕਤੀ ਪ੍ਰਦਰਸ਼ਨ ਕੀਤਾ। ਇਸ ਦੌਰਾਨ 57 ਵਿਧਾਇਕ ਤੇ ਅੱਠ ਸੰਸਦ ਮੈਂਬਰ ਸ਼ਾਮਲ ਹੋਣ ਦੀ ਖਬ ਹੈ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਨੇ ਕੈਪਟਨ ਦੇ ਡਿਨਰ ‘ਤੇ ਸਾਰੇ ਵਿਧਾਇਕਾਂ, ਸੰਸਦ ਮੈਂਬਰਾਂ ਤੇ ਸੀਨੀਅਰ ਪਾਰਟੀ ਆਗੂਆਂ ਨੂੰ ਸੱਦਾ ਪੱਤਰ ਦਿੱਤਾ ਸੀ। ਡਿਨਰ ‘ਤੇ ਸਿੱਧੂ ਧੜੇ ਦੇ ਮੰਤਰੀ ਤੇ ਵਿਧਾਇਕ ਨਹੀਂ ਪੁੱਜੇ ਸੀ ਪਰ ਡਿਨਰ ‘ਤੇ ਆਏ ਇੱਕ ਵਿਧਾਇਕ ਨੇ ਉਮੀਦ ਜਿਤਾਈ ਸੀ ਕਿ ਅਗਲੇ ਡਿਨਰ ਵਿੱਚ ਸਾਰੇ ਇਕੱਠੇ ਨਜਰ ਆਉਣਗੇ।
ਹਾਈਕਮਾਂਡ ਵੱਲੋਂ ਹੱਲਾਸ਼ੇਰੀ ਨਾਲ ਆਇਆ ਜੋਸ਼
ਜਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਬਿਆਨ ਦਿੱਤਾ ਸੀ ਕਿ 2022 ਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ। ਇਸ ਤੋਂ ਅਗਲੇ ਹੀ ਦਿਨ ਕੈਪਟਨ ਸਰਕਾਰ ਨੇ ਕੈਬਨਿਟ ਦੀ ਮੀਟਿਂਗ ਸੱਦ ਕੇ ਕਈ ਲੋਕਪੱਖੀ ਮੁੱਦਿਆਂ ਤੇ ਅਹਿਮ ਫੈਸਲੇ ਲਏ। ਇਸ ਦੇ ਨਾਲ ਹੀ ਸ਼ਾਮ ਵੇਲੇ ਉਨ੍ਹਾਂ ਨੇ ਡਿਨਰ ਦਾ ਸੱਦਾ ਦੇ ਦਿੱਤਾ ਤੇ ਅੱਜ ਬੀਬੀ ਭੱਠਲ ਨੂੰ ਮਿਲਣ ਪੁੱਜ ਗਏ ਹਨ। ਡਿਨਰ ‘ਚ ਸ਼ਾਮਲ ਇੱਕ ਵਿਧਾਇਕ ਦਾ ਕਹਿਣਾ ਸੀ ਕਿ ਹੁਣ ਇਹ ਵਿਧਾਨ ਸਭਾ ਚੋਣ ਦੀ ਤਿਆਰੀ ਸ਼ੁਰੂ ਹੋ ਗਈ ਹੈ ਤੇ ਕੈਪਟਨ ਪੰਜਾਬ ਵਿੱਚ ਨਿਕਲਣਾ ਸ਼ੁਰੂ ਕਰ ਦੇਣਗੇ।
ਪਹਿਲਾਂ ਸਿਸਵਾਂ ਫਾਰਮ ਤੋਂ ਚਲਾਉਂਦੇ ਸੀ ਸਰਕਾਰ
ਜਿਕਰਯੋਗ ਹੈ ਕਿ ਦੋ ਮਹੀਨੇ ਪਹਿਲਾਂ ਤੱਕ ਕੈਪਟਨ ਅਮਰਿੰਦਰ ਸਿਂਘ ਆਪਣੇ ਸਿਸਵਾਂ ਫਾਰਮ ‘ਤੋਂ ਹੀ ਸਰਕਰ ਚਲਾਉਂਦੇ ਰਹੇ ਹਨ, ਜਿਸ ਕਾਰਨ ਵਿਧਾਇਕ ਨਾਖੁਸ਼ ਸੀ। ਇਸੇ ਦੌਰਾਨ ਸਿੱਧੂ ਧੜੇ ਵੱਲੋਂ ਲਾਮਬੰਦੀ ਕੀਤੇ ਜਾਣ ‘ਤੇ ਕੈਪਟਨ ਨੂਂ ਫਾਰਮ ਤੋਂ ਬਾਹਰ ਨਿਕਲਣ ਲਈ ਮਜਬੂਰ ਹੋਣਾ ਪਿਆ। ਇਸ ਉਪਰੰਤ ਉਨ੍ਹਾਂ ਸਭ ਤੋਂ ਪਹਿਲਾਂ ਸਿੱਧੂ ਦੀ ਤਾਜਪੋਸ਼ੀ ਵਾਲੇ ਦਿਨ ਵਿਧਾਇਕਾਂ ਤੇ ਸੀਨੀਅਰ ਆਗੂਆਂ ਲਈ ਪੰਜਾਬ ਭਵਨ ਵਿਖੇ ਚਾਹ ਪਾਰਟੀ ਰੱਖੀ ਸੀ ਤੇ ਬਾਅਦ ਵਿੱਚ ਉਹ ਹੁਣ ਦੋ ਵਾਹ ਡਿਨਰ ਦਾ ਪ੍ਰੋਗਰਾਮ ਰੱਖ ਚੁੱਕੇ ਹਨ।