ਚੰਡੀਗੜ: ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਆਰਡੀਨੈਂਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਹਲਚਲ ਵੇਖੀ ਜਾ ਰਹੀ ਹੈ। ਸੂਬੇ ਦੀ ਕਾਂਗਰਸ ਸਰਕਾਰ ਅਤੇ ਇਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਇਨ੍ਹਾਂ ਆਰਡੀਨੈਂਸਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕੇਂਦਰ ਵਿੱਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ 'ਤੇ ਹਮਲੇ ਕਰ ਰਹੇ ਹਨ। ਇਸੇ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਆਰਡੀਨੈਂਸਾਂ ਬਾਰੇ ਕਿਸਾਨਾਂ ਨੂੰ ਗੁਮਰਾਹ ਅਤੇ ਡਰਾਮੇਬਾਜ਼ੀ ਕਰਨ ਦੇ ਇਲਜ਼ਾਮ ਲਗਾਏ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਉਹ ਫਾਰਮਿੰਗ ਪ੍ਰੋਡਿਊਸ ਟਰੇਡ ਐਂਡ ਕਮਰਸ ਆਰਡੀਨੈਂਸ-2020 ਦੇ ਵਿਰੋਧ ਦੀ ਡਰਾਮੇਬਾਜ਼ੀ ਕਰਕੇ ਪੰਜਾਬੀਆਂ ਨੂੰ ਗੁਮਰਾਹ ਕਰਨ ਨਾ ਕਰਨ । ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਖੁਦ 2017 ਵਿਚ ਇਸ ਐਕਟ ਦੀਆਂ ਚਾਰ ਵਿਵਸਥਾਵਾਂ ਵਿਚ ਤਿੰਨ ਸੂਬਾਈ ਖੇਤੀਬਾੜੀ ਜਿਣਸ ਮੰਡੀਕਰਨ ਐਕਟ (ਏਪੀਐਮਸੀ) ਵਿਚ ਸੋਧ ਕਰਕੇ ਇਸ ਵਿਚ ਸ਼ਾਮਲ ਕੀਤੀਆਂ ਸਨ।
ਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ 2017 ਵਿਚ ਉਨ੍ਹਾਂ ਦੀ ਸਰਕਾਰ ਨੇ ਏਪੀਐਮਸੀ ਐਕਟ ਵਿੱਚ ਸੋਧ ਕਰ ਕੇ ਪ੍ਰਾਈਵੇਟ ਮੰਡੀਆਂ ਦੀ ਸਿਰਜਣਾ, ਸਿੱਧਾ ਮੰਡੀਕਰਣ ਤੇ ਇਲੈਕਟ੍ਰਾਨਿਕ ਮੰਡੀਕਰਣ ਅਤੇ ਸਾਰੇ ਸੂਬੇ ਲਈ ਇਕ ਹੀ ਯੂਨੀਫਾਈਡ ਲਾਇਸੰਸ ਇਸ ਵਿੱਚ ਕਿਉਂ ਸ਼ਾਮਲ ਕੀਤਾ ਸੀ।
ਉਨ੍ਹਾਂ ਕਿਹਾ ਕਿ ਇਹੀ ਨਹੀਂ ਬਲਕਿ ਕਾਂਗਰਸ ਸਰਕਾਰ ਫਾਰਮਿੰਗ ਪ੍ਰੋਡਿਊਸ ਟਰੇਡ ਐਂਡ ਕਮਰਸ ਆਰਡੀਨੈਂਸ-2020 ਨੂੰ ਪਾਸ ਕਰਨ ਵਿਚ ਭਾਈਵਾਲ ਵੀ ਹੈ ਕਿਉਂਕਿ ਇਸਨੇ ਨਾ ਸਿਰਫ ਸਲਾਹਕਾਰੀ ਪ੍ਰਕਿਰਿਆ ਵਿੱਚ ਸ਼ਮੂਲੀਅਤ ਕੀਤੀ ਬਲਕਿ ਕੇਂਦਰ ਨੂੰ ਇਹ ਫੀਡਬੈਕ ਵੀ ਦਿੱਤੀ। ਇਸ ਨੇ ਪਹਿਲਾਂ ਹੀ ਸੂਬਾਈ ਏਪੀਐਮਸੀ ਐਕਟ ਵਿਚ ਸੋਧ ਕਰ ਲਈ ਤਾਂ ਜੋ ਕਿ ਤਜਵੀਜਸ਼ੁਦਾ ਆਰਡੀਨੈਂਸ ਲਾਗੂ ਕੀਤਾ ਜਾ ਸਕੇ।
ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਕਿਸ ਤਰਕ ਨਾਲ ਉਹ ਆਰਡੀਨੈਂਸ ਵਾਪਸ ਲੈਣ ਦੀ ਮੰਗ ਕਰ ਰਹੇ ਹਨ ਜਦਕਿ ਉਹਨਾਂ ਖੁਦ ਹੀ ਏਪੀਐਮਸੀ ਐਕਟ ਵਿਚ ਸੋਧ ਕਰ ਕੇ ਤੇ ਇਸਦਾ 14 ਅਗਸਤ 2017 ਨੂੰ ਨੋਟੀਫਿਕੇਸ਼ਨ ਕਰ ਕੇ ਇਸ ਨੂੰ ਅਮਲੀ ਜਾਮਾ ਪਹਿਨਾਉਣ ਦਾ ਰਾਹ ਬਣਾਇਆ ਸੀ। ਉਨ੍ਹਾਂ ਕਿਹਾ ਕਿ ਹਮੇਸ਼ਾ ਵਾਂਗ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿਸਾਨਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ 'ਤੇ ਵੈਟ 6 ਮਈ ਨੂੰ 2 ਰੁਪਏ ਵਧਾਇਆ ਗਿਆ, ਸਰਕਾਰ ਨੇ 15 ਜੂਨ ਨੂੰ ਪੈਟਰੋਲ 1.20 ਰੁਪਏ ਤੇ ਡੀਜ਼ਨ 53 ਪੈਸੇ ਪ੍ਰਤੀ ਲੀਟਰ ਮਹਿੰਗਾ ਕਰ ਦਿੱਤਾ। ਇਸ ਨਾਲ ਪੰਜਾਬ ਵਿਚ ਤੇਲ ਕੀਮਤਾਂ ਦੇਸ਼ ਵਿਚ ਸਭ ਨਾਲੋਂ ਮਹਿੰਗੀਆਂ ਹੋ ਗਈਆਂ ਹਨ। ਇਹ ਦੋਵੇਂ ਵਾਧੇ ਤੁਰੰਤ ਵਾਪਸ ਲੈਣੇ ਚਾਹੀਦੇ ਹਨ।