ਚੰਡੀਗੜ੍ਹ: ਪੰਜਾਬ ਵਿੱਚ ਹੋਣ ਵਾਲੀਆਂ 4 ਸੀਟਾਂ ਤੇ ਜ਼ਿਮਨੀ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ,ਕੈਪਟਨ ਨੇ ਕਿਹਾ ਕਿ ਉਹ ਸਿਆਸਤ ਨਹੀਂ ਛੱਡਣਗੇ ਜਦੋਂ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਉਨ੍ਹਾਂ ਨੇ ਹੀ ਕਿਹਾ ਸੀ ਕਿ ਇਹ ਚੋਣਾਂ ਉਨ੍ਹਾਂ ਦੀ ਸਿਆਸਤ ਦੀ ਆਖ਼ਰੀ ਪਾਰੀ ਹੋਵੇਗੀ।
ਕੈਪਟਨ ਨੇ ਆਪਣੇ ਟਵੀਟ 'ਚ ਲਿਖਿਆ, "ਮੈ ਸਿਆਸਤ ਛੱਡਣ ਬਾਰੇ ਹਾਲੇ ਨਹੀਂ ਸੋਚ ਸਕਦਾ ਹਾਂ ਕਿਉਕਿ ਲੋਕਾਂ ਨੂੰ ਮੇਰੀ ਜ਼ਰੂਰਤ ਹੈ। ਮੇਰੇ ਲੋਕ ਪਿਛਲੇ 10 ਸਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਹੇਠ ਦਬੇ ਹੋਏ ਸਨ, ਇਹ ਮੇਰੀ ਵਚਨਵੱਧਤਾ ਹੈ ਕਿ ਮੈ ਸੂਬੇ ਨੂੰ ਮੁੜ ਪਹਿਲੇ ਦਰਜੇ 'ਚ ਲਿਆ ਕੇ ਉਨ੍ਹਾਂ ਕਾਲੇ ਦੌਰ ਦੀਆਂ ਯਾਦਾਂ ਨੂੰ ਖ਼ਤਮ ਕਰਾਂਗਾ। ਜੇ ਇਸ ਲਈ ਮੈਨੂੰ ਅਗਲੀ ਚੋਣਾਂ 'ਚ ਖੜ੍ਹਾਂ ਹੋਣਾ ਪਿਆ ਤਾਂ ਮੈ ਲੋਕਾਂ ਲਈ ਉਹ ਵੀ ਕਰਨ ਨੂੰ ਤਿਆਰ ਹਾਂ।"
ਇਸ ਤੋਂ ਸਾਰੇ ਭਲੀ ਭਾਂਤੀ ਜਾਣੂ ਹੀ ਹੋਣੇ ਹਾਂ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਇਹ ਕਹਿ ਕੇ ਵੋਟ ਪਾਉਣ ਦੀ ਅਪੀਲ ਕੀਤੀ ਸੀ ਕਿ ਇਹ ਉਨ੍ਹਾਂ ਦੀ ਸਿਆਸਤ ਦੀ ਆਖ਼ਰੀ ਪਾਰੀ ਹੋਵੇਗੀ ਪਰ ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਸਾਹਮਣੇ ਆਉਂਦਾ ਹੈ ਤਾਂ ਇਹ ਕਿਤੇ ਨਾ ਕਿਤੇ ਕੈਪਟਨ ਦੀ ਮਜਬੂਰੀ ਦਰਸਾਉਂਦਾ ਹੈ।
ਜ਼ਿਮਨੀ ਚੋਣਾਂ ਸਬੰਧੀ ਪੰਜਾਬ ਕਾਂਗਰਸ ਕਮੇਟੀ ਦੀ ਬੈਠਕ ਜਾਰੀ
ਮਜਬੂਰੀ ਇਹ ਹੈ ਕਿ ਕੈਪਟਨ ਸਰਕਾਰ ਤੇ ਵਾਅਦਾ ਖ਼ਿਲਾਫ਼ੀ ਦੇ ਦੋਸ਼ ਲਗਾਤਾਰ ਲੱਗ ਰਹੇ ਹਨ ਚਾਹੇ ਉਹ ਨਸ਼ਾ ਖ਼ਤਮ ਕਰਨ ਦਾ ਮੁੱਦਾ ਹੋਵੇ, ਬੇਰੁਜ਼ਗਾਰੀ ਦਾ, ਸਮਾਰਟਫ਼ੋਨ ਦਾ, ਕਰਜ਼ਾ ਮਾਫ਼ੀ ਦਾ ਹੋਵੇ , ਇਨ੍ਹਾਂ ਸਾਰਿਆਂ ਮੁੱਦਿਆਂ ਨੂੰ ਲੈ ਕੇ ਕਾਂਗਰਸ ਸਰਕਾਰ ਤੇ ਵਾਅਦਾ ਖ਼ਿਲਾਫ਼ੀ ਦੇ ਇਲਜ਼ਾਮ ਲੱਗ ਰਹੇ ਹਨ। ਚਾਰੇ ਖੂੰਜਿਆਂ ਤੋਂ ਘਿਰੀ ਜਾਪ ਰਹੀ ਆਪਣੀ ਕਾਂਗਰਸ ਪਾਰਟੀ ਨੂੰ ਬਚਾਉਣ ਲਈ ਤੇ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦੀ ਸਾਖ਼ ਬਚਾਉਣ ਲਈ ਕੈਪਟਨ ਵੱਡੇ-ਵੱਡੇ ਬਿਆਨ ਦੇ ਕੇ ਆਪਣਾ ਰਾਹ ਸੋਖਾ ਕਰਨ ਦੀ ਕੋਸ਼ਿਸ਼ ਵਿੱਚ ਹੈ, ਪਰ ਅਜਿਹਾ ਲਗ ਤਾਂ ਨਹੀਂ ਰਿਹਾ।