ਚੰਡੀਗੜ੍ਹ: ਸੂਬੇ ਵਿੱਚ ਨਕਲੀ ਸ਼ਰਾਬ ਪੀਣ ਨਾਲ 100 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇਸ ਮਾਮਲੇ ਨੂੰ ਲੈ ਕੇ ਜਿੱਥੇ ਵਿਰੋਧੀ ਕਾਂਗਰਸ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਹਨ, ਉੱਥੇ ਹੀ ਸੀਨੀਅਰ ਕਾਂਗਰਸੀ ਆਗੂਆਂ ਸ਼ਮਸ਼ੇਰ ਸਿੰਘ ਦੂਲੋ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਮੋਰਚਾ ਖੋਲ ਦਿੱਤਾ ਹੈ।
ਇਸ ਸਬੰਧੀ ਦੋਵੇਂ ਆਗੂ ਸੋਮਵਾਰ ਨੂੰ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲੇ। ਇਸ ਮਗਰੋਂ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਬਿਨਾਂ ਅਫ਼ਸਰਾਂ ਅਤੇ ਰਾਜਨੀਤਿਕ ਆਗੂਆਂ ਦੀ ਮਿਲੀਭੁਗਤ ਦੇ ਨਕਲੀ ਸ਼ਰਾਬ ਦਾ ਕਾਰੋਬਾਰ ਚੱਲ ਹੀ ਨਹੀਂ ਸਕਦਾ।
ਦੂੱਲੋ ਨੇ ਕਿਹਾ ਕਿ ਆਬਕਾਰੀ ਅਤੇ ਕਰ ਅਤੇ ਗ੍ਰਹਿ ਵਿਭਾਗ ਦੋਵੇਂ ਮੁੱਖ ਮੰਤਰੀ ਦੇ ਅਧੀਨ ਹਨ ਜਿਸ ਕਾਰਨ ਇਸ ਘਟਨਾ ਲਈ ਸਿੱਧੇ ਤੌਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹਨ। ਇਸ ਦੇ ਨਾਲ ਹੀ ਦੂਲੋ ਨੇ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਐਲਾਨੇ ਮੁਆਵਜ਼ੇ ਨੂੰ ਵੀ ਨਾਕਾਫੀ ਦੱਸਿਆ।
ਉਨ੍ਹਾਂ ਕਿਹਾ ਕਿ ਉਹ ਸੂਬੇ ਵਿੱਚ ਫ਼ੈਲੇ ਨਸ਼ਿਆਂ ਦੇ ਜਾਲ ਸਬੰਧੀ ਮੁੱਖ ਮੰਤਰੀ ਨੂੰ ਕਈ ਵਾਰ ਪੱਤਰ ਲਿਖ ਚੁੱਕੇ ਹਨ ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਸ਼ਮਸ਼ੇਰ ਦੂਲੋ ਨੇ ਇਹ ਵੀ ਕਿਹਾ ਕਿ ਉਹ ਇਹ ਮੁੱਦਾ ਕਾਂਗਰਸ ਹਾਈ ਕਮਾਨ ਕੋਲ ਅਤੇ ਸੰਸਦ ਵਿੱਚ ਵੀ ਚੁੱਕਣਗੇ।
ਦੂਲੋ ਨੇ ਕਿਹਾ ਕਿ ਕਾਂਗਰਸ ਸਰਕਾਰ ਅਕਾਲੀ ਦਲ ਦੇ ਰਾਹ 'ਤੇ ਤੁਰ ਰਹੀ ਹੈ। ਜੇਕਰ ਸਰਕਾਰ ਨੇ ਮਾਫੀ ਰਾਜ ਨੂੰ ਨੱਥ ਨਾ ਪਾਈ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦਾ ਹਾਲ ਵੀ ਅਕਾਲੀ ਦਲ ਵਰਗਾ ਹੋਵੇਗਾ।