ਚੰਡੀਗੜ੍ਹ: ਅਕਾਲੀ ਆਗੂ ਬਿਕਰਮ ਮਜੀਠੀਆ ਨੇ ਡੀਜੀਪੀ ਦਿਨਕਰ ਗੁਪਤਾ 'ਤੇ ਐਸਐਸਪੀ ਧਰੁਵ ਦਾਹੀਆ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਹਨ। ਮਜੀਠੀਆ ਦਾ ਦੋਸ਼ ਹੈ ਕਿ ਡੀਜੀਪੀ ਗੁਪਤਾ ਵਿਵਾਦਗ੍ਰਸਤ ਪੁਲਿਸ ਅਫ਼ਸਰ ਅਤੇ ਅੰਮ੍ਰਿਤਸਰ ਦੇ ਐਸਐਸਪੀ ਰਹੇ ਧਰੁਵ ਦਾਹੀਆ ਦਾ ਬਚਾਅ ਕਰ ਰਹੇ ਹਨ। ਦੱਸਣਯੋਗ ਹੈ ਕਿ ਆਪਣੇ ਐਸਐਸਪੀ ਦੇ ਕਾਰਜਕਾਰਲ ਦੌਰਾਨ ਧਰੁਵ ਦਾਹੀਆ ਸ਼ਰਾਬ ਮਾਫੀਆ ਤੇ ਨਕੇਲ ਕਸਣ ਚ ਫੇਲ ਹੋਏ ਸਨ ਜਿਸ ਕਾਰਨ 100 ਤੋਂ ਵੱਧ ਮੌਤਾਂ ਹੋਈਆਂ ਸਨ।
ਗੁਪਤਾ ਵੱਲੋਂ ਦਾਹੀਆ ਵਿਰੁੱਧ ਨਹੀਂ ਕੀਤੀ ਗਈ ਕੋਈ ਕਾਰਵਾਈ
ਅਕਾਲੀ ਆਗੂ ਮਜੀਠੀਆ ਦੀ ਮੰਗ ਹੈ ਕਿ ਐਸਐਸਪੀ ਧਰੁਵ ਦਾਹੀਆ ਨੂੰ ਮੁਅੱਤਲ ਕਰਨ ਅਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਨੇ ਇਸ ਮਾਮਲੇ ਦੀ ਪੜਤਾਲ ਕਰਨ ਦੀ ਜ਼ਿੰਮੇਵਾਰੀ ਡੀਜੀਪੀ ਦਿਨਕਰ ਗੁਪਤਾ ਨੂੰ ਦਿੱਤੀ ਸੀ ਪਰ ਗੁਪਤਾ ਵੱਲੋਂ ਦਾਹੀਆ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਜੋ ਕਿ ਨਿੰਦਣਯੋਗ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਡੀਜੀਪੀ ਦੋ ਕਦਮ ਅੱਗੇ ਹੋ ਦਾਹੀਆ ਦਾ ਬਚਾਅ ਕਰ ਰਹੇ ਹਨ। ਉਨ੍ਹਾਂ ਡੀਜੀਪੀ ਵੱਲੋਂ ਦਾਹੀਆ ਵਿਰੁੱਧ ਕਾਰਵਾਈ ਕਰਨ 'ਚ ਅਸਮਰਥ ਹੋਣ ਦਾ ਕਾਰਨ ਪੁੱਛਿਆ ਹੈ।
ਡੀਜੀਪੀ ਨੇ ਦਾਹੀਆ ਦੇ ਚਹੇਤਾ ਹੋਣ ਵਾਂਗ ਰੱਖਿਆ ਵਤੀਰਾ
ਮਜੀਠੀਆ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਡੀਜੀਪੀ ਨੇ ਦਾਹੀਆ ਦੇ ਚਹੇਤਾ ਹੋਣ ਵਾਂਗ ਵਤੀਰਾ ਰੱਖਿਆ ਹੋਵੇ। ਉਹਨਾਂ ਕਿਹਾ ਕਿ ਦਾਹੀਆ ਉਹੀ ਅਫਸਰ ਹੈ ਜਿਸਨੇ ਫਾਦਰ ਐਂਟਨੀ ਦੀ ਰਿਹਾਇਸ਼ 'ਤੇ ਦਿਨ ਦਿਹਾੜੀ ਲੁੱਟ ਕੀਤੀ ਸੀ ਤੇ ਇਸਨੂੰ ਚੋਣ ਕਮਿਸ਼ਨਰ ਨੇ ਖੰਨਾ ਦੇ ਐਸਐਸਪੀ ਦੇ ਅਹੁਦੇ ਤੋਂ ਤਬਦੀਲ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਇਸਦੇ ਖਿਲਾਫ 6.65 ਕਰੋੜ ਰੁਪਏ ਦਾ ਹੇਰ ਫੇਰ ਕਰਨ ਦੇ ਵੀ ਦੋਸ਼ ਲੱਗੇ ਸਨ ਜਦੋਂ ਖੰਨਾ ਪੁਲਿਸ ਨੇ ਛਾਪਾ ਮਾਰਿਆ ਸੀ ਤਾਂ ਖੰਨਾ ਪੁਲਿਸ 'ਤੇ ਲੋਕਾਂ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖਣ ਦੇ ਵੀ ਦੋਸ਼ ਲੱਗੇ ਸਨ ਅਤੇ ਇਨ੍ਹਾਂ ਨੂੰ ਵਿਭਾਗੀ ਜਾਂਚ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਉਹਨਾਂ ਕਿਹਾ ਕਿ ਇਹ ਵੀ ਅਦਾਲਤ ਵਿਚ ਸਾਬਤ ਹੋ ਗਿਆ ਸੀ ਕਿ ਦਾਹੀਆ ਨੇ ਝੂਠ ਬੋਲਿਆ ਸੀ ਕਿ ਪੈਸਾ ਤਲਾਸ਼ੀ ਅਪਰੇਸ਼ਨ 'ਨਾਕਾ' ਦੌਰਾਨ ਬਰਾਮਦ ਹੋਇਆ। ਉਹਨਾਂ ਦੱਸਿਆ ਕਿ ਦਾਹੀਆ ਦੀ ਨਿਗਰਾਨੀ ਹੇਠ ਨਜਾਇਜ਼ ਤੌਰ 'ਤੇ ਫੜੇ 16.66 ਕਰੋੜ ਰੁਪਏ ਵਿਚੋਂ 1.50 ਕਰੋੜ ਰੁਪਏ ਹਾਲੇ ਵੀ ਗਾਇਬ ਹਨ ਪਰ ਇਨ੍ਹਾਂ ਸਭ ਦੇ ਬਾਅਦ ਵੀ ਉਸਨੂੰ ਐਸਐਸਪੀ ਤਰਨਤਾਰਨ ਨਿਯੁਕਤ ਕਰ ਕੇ ਇਨਾਮ ਦਿੱਤਾ ਗਿਆ ਹੈ।
ਡੀਜੀਪੀ ਵਿਰੁੱਧ ਮੁਹਿੰਮ ਸ਼ੁਰੂ ਕਰਨ ਦੀ ਚੇਤਾਵਨੀ: ਮਜੀਠੀਆ
ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਕਿ ਖੰਨਾ, ਜਿੱਥੇ ਦਾਹੀਆ 'ਤੇ ਛਾਪੇ ਮਾਰਨ ਲਈ ਪੁਲਿਸ ਕੈਟਾਂ ਦੀ ਵਰਤੋਂ ਕਰਨ ਦੇ ਦੋਸ਼ ਲੱਗੇ ਸਨ, ਉਸ ਵਾਂਗ ਹੀ ਤਰਨਤਾਰਨ 'ਚ ਉੁਸਨੇ ਸ਼ਰਾਬ ਮਾਫੀਆ ਨੂੰ ਖੁੱਲੀ ਛੁੱਟੀ ਦਿੱਤੀ ਹੋਈ ਸੀ। ਉਹਨਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਮਗਰੋਂ ਦਾਹੀਆ ਦੇ ਤਬਾਦਲੇ ਉਪਰੰਤ ਤਰਨਤਾਰਨ ਪੁਲਿਸ ਨੇ ਲੋਕਾਂ ਦੀਆਂ ਸ਼ਿਕਾਇਤਾਂ 'ਤੇ ਕਾਰਵਾਈ ਕੀਤੀ ਹੈ ਅਤੇ ਗੈਰ ਕਾਨੂੰਨੀ ਸ਼ਰਾਬ ਦੀ ਮੁਹਿੰਮ 'ਤੇ ਛਾਪੇਮਾਰੀ ਕਰਦਿਆਂ 31500 ਲੀਟਰ ਲਾਹਣ ਫੜੀ ਹੈ। ਮਜੀਠੀਆ ਨੇ ਕਿਹਾ ਕਿ ਜੇਕਰ ਦਾਹੀਆ ਨੇ ਪਹਿਲਾਂ ਹੀ ਸ਼ਿਕਾਇਤਾਂ 'ਤੇ ਕਾਰਵਾਈ ਕੀਤੀ ਹੁੰਦੀ ਤਾਂ ਫਿਰ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਟਾਲੀ ਜਾ ਸਕਦੀ ਸੀ। ਬਿਕਰਮ ਮਜੀਠੀਆ ਨੇ ਮੰਗ ਕੀਤੀ ਕਿ ਡੀਜੀਪੀ ਦਿਨਕਰ ਐਸਐਸਪੀ ਦਾਹੀਆ 'ਤੇ ਮਾਮਲਾ ਦਰਜ ਕਰਨ, ਅਤੇ ਅਜਿਹਾ ਨਾ ਕਰਨ 'ਤੇ ਉਨ੍ਹਾਂ ਡੀਜੀਪੀ ਵਿਰੁੱਧ ਮੁਹਿੰਮ ਸ਼ੁਰੂ ਕਰਨ ਦੀ ਚੇਤਾਵਨੀ ਵੀ ਦਿੱਤੀ।