ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਉੱਤੇ ਘਟੀਆ ਰਾਜਨੀਤੀ ਕਰਨ ਦੇ ਇਲਜ਼ਾਮ ਲਾਏ ਹਨ। ਭਗਵੰਤ ਮਾਨ ਨੇ ਕਿਹਾ ਕਿ ਲੌਕਡਾਊਨ/ਕਰਫਿਊ ਦੌਰਾਨ ਲੋਕ ਭੁੱਖੇ ਮਰ ਰਹੇ ਨੇ ਅਤੇ ਕੈਪਟਨ ਤੇ ਹਰਸਿਮਰਤ ਘਟੀਆ ਪੱਧਰ ਦੀ ਦੂਸ਼ਣਬਾਜ਼ੀ ਵਾਲੀ ਸਿਆਸਤ ਕਰਨ 'ਤੇ ਉਤਾਰੂ ਹਨ।
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਦੌਰ ਵਿੱਚ ਸੂਬਾ ਭਰ ਵਿੱਚ ਛੋਟੇ-ਵੱਡੇ ਵਪਾਰ ਬੰਦ ਹੋ ਚੁੱਕੇ ਹਨ ਅਤੇ ਸਮਾਜ ਸੇਵੀ ਸੰਸਥਾਵਾਂ ਅਤੇ ਦਿਆਲੂ ਲੋਕ ਆਪਣੇ ਪੱਧਰ ਉੱਤੇ ਲੰਗਰ ਪਾਣੀ ਦੀ ਸੇਵਾ ਕਰਕੇ ਮਨੁੱਖਤਾ ਨੂੰ ਜਿਊਂਦਾ ਰੱਖਣ ਦੀ ਕੋਸ਼ਿਸ਼ ਵਿੱਚ ਜੁਟੇ ਹੋਏ ਹਨ ਅਤੇ ਦੂਜੇ ਪਾਸੇ ਸੂਬਾ ਸਰਕਾਰ ਦੇ ਮੁੱਖ ਮੰਤਰੀ ਅਤੇ ਕੇਂਦਰ ਸਰਕਾਰ ਦੀ ਮੰਤਰੀ ਅਜਿਹੀਆਂ ਕੋਸ਼ਿਸ਼ਾਂ ਵਿੱਚ ਵੀ ਸਿਆਸੀ ਲਾਹਾ ਲੈਣ ਵਿੱਚ ਜੁਟੇ ਹੋਏ ਹਨ।
ਸੰਗਰੂਰ ਤੋਂ ਐਮਪੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੇ ਇਸ ਔਖੀ ਘੜੀ ਵਿੱਚ ਪੰਜਾਬ ਸਰਕਾਰ ਨੂੰ 900 ਕਰੋੜ ਰੁਪਏ ਦਿੱਤੇ ਹਨ ਜਦੋਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਕੇਂਦਰ ਨੇ ਉਨ੍ਹਾਂ ਨੂੰ ਇੱਕ ਵੀ ਰੁਪਇਆ ਨਹੀਂ ਦਿੱਤਾ।
ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਨੂੰ ਸਿਆਸੀ ਦੂਸ਼ਣਬਾਜ਼ੀ ਕਰਨ ਦੀ ਬਜਾਏ ਦਸਤਾਵੇਜ਼ਾਂ ਦੇ ਅਧਾਰ ਉੱਤੇ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਜੇਕਰ ਕੇਂਦਰ ਸਰਕਾਰ ਤੋਂ ਸੂਬੇ ਵਾਸਤੇ ਪੈਸਾ ਆਇਆ ਵੀ ਹੈ ਤਾਂ ਉਹ ਲੋਕਾਂ ਦਾ ਪੈਸਾ ਹੈ ਨਾ ਕਿ ਕਾਂਗਰਸੀਆਂ ਜਾਂ ਅਕਾਲੀਆਂ ਦਾ।
ਹਰਸਿਮਰਤ ਵੱਲੋਂ ਲਾਏ ਇਲਜ਼ਾਮਾਂ ਕਿ ਕਾਂਗਰਸ ਸਰਕਾਰ ਆਪਣੇ ਕਾਂਗਰਸੀਆਂ ਨੂੰ ਹੀ ਰਾਸ਼ਨ ਵੰਡ ਰਹੇ ਨੇ ਦੇ ਜਵਾਬ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਅਕਾਲੀ ਸਰਕਾਰ ਨੇ ਵੀ ਅਕਾਲੀਆਂ ਨੂੰ ਹੀ ਫਾਇਦੇ ਪਹੁੰਚਾਏ, ਭਾਵੇਂ ਉਹ ਨੀਲੇ ਕਾਰਡ, ਨਰੇਗਾ ਕਾਰਡ, ਅਧਾਰ ਕਾਰਡ ਹੋਣ ਜਾਂ ਫੇਰ ਬੁਢਾਪਾ ਪੈਨਸ਼ਨ। ਉਨ੍ਹਾਂ ਨਸੀਹਤ ਦਿੱਤੀ ਕਿ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਸਿਆਣੇ ਬਣਨ ਅਤੇ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਦੇ ਦੌਰਾਨ ਪੰਜਾਬ ਦੇ ਲੋਕਾਂ ਦੀ ਭਲਾਈ ਬਾਰੇ ਸੋਚਣ।