ਚੰਡੀਗੜ੍ਹ: ਪੰਜਾਬ ਵਿੱਚ ਆਏ ਹੜ੍ਹ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਸਿੱਧੇ ਤੌਰ 'ਤੇ ਪੰਜਾਬ ਸਰਕਾਰ ਦੇ ਨਾਲ-ਨਾਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਹੜ੍ਹਾਂ ਲਈ ਜ਼ਿੰਮੇਵਾਰ ਠਹਿਰਾਇਆ ਹੈ। ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਸਿੱਧੇ ਤੌਰ 'ਤੇ ਬੀਬੀਐੱਮਬੀ ਨੂੰ ਪੰਜਾਬ ਵਿੱਚ ਆਏ ਹੜ੍ਹਾਂ ਲਈ ਜ਼ਿੰਮੇਵਾਰ ਠਹਿਰਾਇਆ।
ਖਹਿਰਾ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਬੀਬੀਐੱਮਬੀ ਨੇ ਤਿੰਨ-ਤਿੰਨ ਫੁੱਟ ਪਾਣੀ ਸਟੋਰ ਕੀਤਾ ਤੇ ਮੀਂਹ ਪੈਂਣ 'ਤੇ ਛੱਡਣ ਨਾਲ ਪੰਜਾਬ ਵਿੱਚ ਹੜ੍ਹ ਆਇਆ। ਜਿਹੜੀ ਦਲੀਲ ਬੀਬੀਐੱਮਬੀ ਦੇ ਚੇਅਰਮੈਨ ਨੇ ਦਿੱਤੀ ਕਿ ਪਿੱਛੇ ਨਦੀਆਂ ਦਾ ਪਾਣੀ ਭਾਖੜਾ ਵਿੱਚ ਆਉਂਦਾ ਹੈ ਜਿਸ ਕਾਰਨ ਪੰਜਾਬ ਵਿੱਚ ਹੜ੍ਹ ਆਇਆ ਉਹ ਬੇਬੁਨਿਆਦ ਹੈ ਕਿਉਂਕਿ ਬਿਆਸ ਨਦੀ ਵਿੱਚ ਤਾਂ ਕੋਈ ਹੜ੍ਹ ਆਇਆ ਹੀ ਨਹੀਂ ਅਤੇ ਉੱਥੇ ਦੇ ਇਲਾਕੇ ਠੀਕ ਰਹੇ।
ਬੀਬੀਐੱਮਬੀ ਵੱਲੋਂ ਛੱਡੇ ਗਏ ਪਾਣੀ ਨੂੰ ਖਹਿਰਾ ਨੇ ਗੂੜ੍ਹੀ ਸਿਆਸਤ ਦਾ ਨਾਮ ਦਿੱਤਾ ਖਹਿਰਾ ਨੇ ਕਿਹਾ ਕਿ ਇਸ ਪਿੱਛੇ ਗੂੜ੍ਹੀ ਸਿਆਸਤ ਹੋਈ ਹੈ। ਉੱਥੇ ਹੀ ਕਸ਼ਮੀਰ 'ਤੇ ਆਏ ਫ਼ੈਸਲੇ ਦੀ ਖਹਿਰਾ ਨੇ ਨਿਖੇਧੀ ਕੀਤੀ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਗਲਾ ਨਿਸ਼ਾਨਾ ਬੀਜੇਪੀ ਸਰਕਾਰ ਦਾ ਪੰਜਾਬ ਹੋਵੇਗਾ ਜਿਸ ਲਈ ਪੰਜਾਬ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ।
ਇਹ ਵੀ ਪੜੋ: ਟੇਂਡੀਵਾਲਾ ਵਿੱਚ ਬੰਨ੍ਹ ਟੁੱਟਣ 'ਤੇ ਪ੍ਰਸ਼ਾਸਨ ਨੇ ਕੰਮ 'ਚ ਲਿਆਂਦੀ ਤੇਜ਼ੀ
ਕਸ਼ਮੀਰ ਦੇ ਫੈਸਲੇ 'ਤੇ ਜਿੱਥੇ ਕੇਜਰੀਵਾਲ ਦਾ ਸਮਰਥਨ ਮੋਦੀ ਸਰਕਾਰ ਨੂੰ ਮਿਲਿਆ ਸੀ ਉਸ ਦੀ ਵੀ ਖਹਿਰਾ ਨੇ ਨਿਖੇਧੀ ਕੀਤੀ ਹੈ ਅਤੇ ਕੇਜਰੀਵਾਲ ਨੂੰ ਕਮੀਨਾ ਤੱਕ ਕਹਿ ਦਿੱਤਾ। ਖਹਿਰਾ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਇਹੋ ਜਿਹਾ ਮਤਲਬੀ ਸਖ਼ਸ਼ ਨਹੀਂ ਵੇਖਿਆ ਜੋ ਕਿ ਸੂਬੇ ਦੇ ਟੁਕੜੇ ਕੀਤੇ ਜਾਣ ਨੂੰ ਆਪਣਾ ਸਮਰਥਨ ਦੇ ਰਿਹਾ ਹੈ।