ਲੁਧਿਆਣਾ: ਸ਼ਹਿਰ ਸਮਾਰਟ ਸਿਟੀ ਵਿੱਚ ਸ਼ੁਮਾਰ ਹੁੰਦਾ ਹੈ ਪਰ ਜੇਕਰ ਇਥੋਂ ਦੀਆਂ ਸੜਕਾਂ 'ਤੇ ਝਾਤ ਮਾਰੀ ਜਾਵੇ ਤਾਂ ਇਹ ਸਮਾਰਟ ਸਿਟੀ ਦੇ ਨਾਂਅ ਨੂੰ ਮੂੰਹ ਚਿੜਾਉਂਦੀਆਂ ਵਿਖਾਈ ਦਿੰਦੀਆਂ ਹਨ। ਲੁਧਿਆਣਾ ਦੇ ਲਗਭਗ ਹਰ ਇਲਾਕੇ ਵਿੱਚ ਸੜਕਾਂ ਦਾ ਖਸਤਾ ਹੀ ਹਾਲ ਹੈ। ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੇ ਵਿੱਚ ਸੜਕਾਂ ਦੀ ਹਾਲਤ ਇੰਨੀ ਖਸਤਾ ਹੈ ਕਿ ਏਥੇ ਨਿੱਤ ਦਿਨ ਹਾਦਸੇ ਹੁੰਦੇ ਹਨ।
ਸ਼ਹਿਰ ਦੇ ਗਿਆਸਪੁਰਾ ਇਲਾਕੇ ਦੀਆਂ ਸੜਕਾਂ ਦਾ ਹਾਲ, ਸਮਾਰਟ ਸਿਟੀ ਲੁਧਿਆਣਾ ਨੂੰ ਮੂੰਹ ਚਿੜਾਉਂਦੀਆਂ ਵਿਖਾਈ ਦੇ ਰਹੀਆਂ ਹਨ। ਇੱਥੇ ਹਾਲਾਤ ਬਦ ਤੋਂ ਬਦਤਰ ਹਨ ਕਿਉਂਕਿ ਸੜਕਾਂ 'ਚ ਪਏ ਖੱਡੇ ਪਾਣੀ ਨਾਲ ਭਰੇ ਹੋਏ ਹਨ।
ਇਸ ਸੜਕ ਤੋਂ ਲੰਘਣ ਵਾਲੇ ਲੋਕਾਂ ਦੇ ਸਾਹ ਉਦੋਂ ਤੱਕ ਸੁੱਕੇ ਰਹਿੰਦੇ ਨੇ ਜਦੋਂ ਤੱਕ ਸੜਕ ਪਾਰ ਨਹੀਂ ਹੁੰਦੀ।
ਲੁਧਿਆਣਾ ਵਿੱਚ ਬੀਤੇ ਇੱਕ ਮਹੀਨੇ ਤੋਂ ਬਰਸਾਤ ਨਹੀਂ ਹੋਈ ਪਰ ਇਸ ਦੇ ਬਾਵਜੂਦ ਸੜਕਾਂ 'ਤੇ ਭਰਿਆ ਸੀਵਰੇਜ ਦਾ ਪਾਣੀ ਲੁਧਿਆਣਾ ਸ਼ਹਿਰ ਦੀ ਦੁਰਦਸ਼ਾ ਨੂੰ ਬਿਆਨ ਜ਼ਰੂਰ ਕਰਦਾ ਹੈ।
ਹੁਣ ਤੁਸੀਂ ਆਪ ਅੰਦਾਜ਼ਾ ਲਾਓ ਕਿ ਜੇਕਰ ਇੱਥੇ ਮੀਂਹ ਨਾ ਪੈਣ ਦੇ ਬਾਵਜੂਦ ਵੀ ਅਜਿਹੇ ਹਾਲਾਤ ਹਨ ਤਾਂ ਮੀਂਹ ਪੈਣ ਤੋਂ ਬਾਅਦ ਇਥੇ ਸੜਕ ਦਾ ਨਾਮੋ-ਨਿਸ਼ਾਨ ਹੀ ਮਿਟ ਜਾਂਦਾ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਇਹ ਹਾਲਾਤ ਕਈ ਸਾਲਾਂ ਤੋਂ ਹਨ ਅਤੇ ਅੱਜ ਤੱਕ ਸੜਕਾਂ ਨਹੀਂ ਬਣੀਆਂ।
ਉਧਰ ਦੂਜੇ ਪਾਸੇ ਗਿਆਸਪੁਰੇ ਇਲਾਕੇ ਦੇ ਕੌਂਸਲਰ ਅਕਾਲੀ ਦਲ ਦੇ ਹਨ ਅਤੇ ਨਗਰ ਨਿਗਮ 'ਤੇ ਕਾਂਗਰਸ ਪਾਰਟੀ ਦਾ ਕਬਜ਼ਾ ਹੈ। ਕੌਂਸਲਰ ਜਸਪਾਲ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਨਗਰ ਨਿਗਮ ਨੂੰ ਇਸ ਸਬੰਧੀ ਕਈ ਵਾਰ ਕਿਹਾ ਜਾ ਚੁੱਕਾ ਹੈ। ਸੀਨੀਅਰ ਅਫਸਰਾਂ ਅਤੇ ਆਗੂਆਂ ਦੇ ਧਿਆਨ ਦੇ ਵਿੱਚ ਮਾਮਲਾ ਹੈ ਪਰ ਕਦੇ ਮਸ਼ੀਨਾਂ ਖ਼ਰਾਬ ਹੋਣ ਦਾ ਹਵਾਲਾ ਦਿੱਤਾ ਜਾਂਦਾ ਹੈ ਅਤੇ ਕਦੇ ਸਥਾਨਕ ਲੋਕਾਂ ਦੀ ਸ਼ਿਕਾਇਤ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਜਾਂਦਾ ਹੈ।
ਸੋ ਤੁਸੀਂ ਸਮਾਰਟ ਸਿਟੀ ਲੁਧਿਆਣਾ ਦੇ ਹਾਲ ਖੁਦ ਵੇਖ ਲਏ, ਰਾਹਗੀਰ ਅਤੇ ਸਥਾਨਕ ਲੋਕ ਹਰ ਵਕਤ ਜਾਨ ਜੋਖਮ ਵਿਚ ਪਾ ਕੇ ਇਨ੍ਹਾਂ ਸੜਕਾਂ ਨੂੰ ਪਾਰ ਕਰਦੇ ਹਨ। ਇਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਨਗਰ ਨਿਗਮ ਜਾਂ ਤਾਂ ਇਨ੍ਹਾਂ ਇਲਾਕਿਆਂ ਤੋਂ ਅਨਜਾਣ ਹੈ ਜਾਂ ਫਿਰ ਜਾਣ ਕੇ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ।