ਚੰਡੀਗੜ੍ਹ: ਪੰਚਕੁਲਾ ਅਤੇ ਮੋਹਾਲੀ ਤੋਂ ਚੰਡੀਗੜ੍ਹ ਆਉਂਣ ਵਾਲੇ ਆਟੋ ਦੇ ਦਾਖ਼ਲੇ ਅਤੇ ਟੈਕਸ ਨੂੰ ਲੈ ਕੇ ਚੱਲ ਰਿਹਾ ਵਿਵਾਦ ਵੱਧਦਾ ਹੀ ਜਾ ਰਿਹਾ ਹੈ। ਆਟੋ ਚਾਲਕਾਂ ਨੇ ਇਕਜੁੱਟਤਾ ਦਿਖਾਉਂਦਿਆਂ ਚੰਡੀਗੜ੍ਹ ਪ੍ਰਸ਼ਾਸਨ ਖ਼ਿਲਾਫ਼ ਆਪਣਾ ਮੋਰਚਾ ਖੋਲ੍ਹ ਦਿੱਤਾ ਹੈ।
ਆਟੋ ਯੂਨੀਅਨ ਦੇ ਸੱਦੇ 'ਤੇ ਆਟੋ ਚਾਲਕਾਂ ਨੇ ਮੌਲੀਜਾਗਰਾਂ ਚੌਕ ਉੱਤੇ ਸ਼ਾਂਤੀਪੂਰਣ ਪ੍ਰਦਰਸ਼ਨ ਕੀਤਾ। ਹਿੰਦ ਆਟੋ ਰਿਕਸ਼ਾ ਵਰਕਰ ਯੂਨੀਅਨ ਦੇ ਮੁਖੀ ਅਨਿਲ ਕੁਮਾਰ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਐਂਟਰੀ ਪੁਆਇੰਟ ਉੱਤੇ ਪਰਮਿਟ ਅਤੇ ਐਂਟਰੀ ਟੈਕਸ ਵਿੱਚ ਉਲਝਾ ਦਿੱਤਾ ਜਾਂਦਾ ਹੈ ਅਤੇ ਆਟੋ ਰੋਕ ਦਿੱਤਾ ਜਾਂਦਾ ਹੈ।
ਉਨ੍ਹਾਂ ਦੱਸਿਆਂ ਕਿ ਆਟੋ ਵਾਲਿਆਂ ਕੋਲ ਕਾਗਜ਼ ਤਾਂ ਪੂਰੇ ਹੁੰਦੇ ਹਨ ਪਰ ਉਨ੍ਹਾਂ ਨੂੰ ਸ਼ਹਿਰ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਂਦਾ। ਅਨਿਲ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਮੁਸ਼ਕਲ ਇਹ ਹੈ ਕਿ ਉਨ੍ਹਾਂ ਨੂੰ ਆਟੋ ਵਿੱਚ ਸੀਐਨਜੀ ਭਰਨ ਲਈ ਚੰਡੀਗੜ੍ਹ ਆਉਣਾ ਪੈਂਦਾ ਹੈ। ਪੰਚਕੁਲਾ ਦੇ ਆਸ-ਪਾਸ 90 ਕਿਲੋਮੀਟਰ ਦੇ ਖੇਤਰ ਵਿੱਚ ਕੋਈ ਸੀਐਨਜੀ ਅਤੇ ਐਲਪੀਜੀ ਫਿਲਿੰਗ ਸਟੇਸ਼ਨ ਨਹੀਂ ਹੈ।
ਅਨਿਲ ਨੇ ਦੱਸਿਆ, "ਚੰਡੀਗੜ੍ਹ ਵਿੱਚ ਦਾਖਲ ਹੋਣ ਲਈ ਸਾਨੂੰ ਆਟੋ ਟਰਾਂਸਪੋਰਟਰਾਂ ਨੂੰ ਚੰਡੀਗੜ੍ਹ ਟ੍ਰਾਂਸਪੋਰਟ ਵਿਭਾਗ ਦੀ ਟੈਕਸ ਸਲਿੱਪ ਲਗਾਉਣ ਲਈ ਕਿਹਾ ਜਾਂਦਾ ਹੈ। ਇਸ ਲਈ ਅਸੀਂ ਹਰ ਦਿਨ ਲਏ ਜਾਂਦੇ ਆਟੋ ਟੈਕਸ ਨੂੰ ਅਦਾ ਕਰਨ ਲਈ ਤਿਆਰ ਹਾਂ।"