ਚੰਡੀਗੜ੍ਹ: ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ 26-27 ਦੇ ਦਿੱਲੀ ਘਿਰਾਓ ਨੂੰ ਸੋਮਵਾਰ ਪੰਜਾਬੀ ਗਾਇਕਾਂ, ਸਮਾਜ ਸੇਵਕਾਂ ਅਤੇ ਕਲਾਕਾਰਾਂ ਨੇ ਵੀ ਸਮਰਥਨ ਦਿੱਤਾ ਹੈ। ਇਥੇ ਕਿਸਾਨ ਭਵਨ ਵਿਖੇ ਪ੍ਰੈਸ ਵਾਰਤਾ ਦੌਰਾਨ ਗੱਲਬਾਤ ਕਰਦਿਆਂ ਗਾਇਕਾਂ, ਸਮਾਜ ਸੇਵਕਾਂ ਅਤੇ ਕਲਾਕਾਰਾਂ ਨੇ ਐਲਾਨ ਕੀਤਾ ਕਿ ਉਹ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਉਨ੍ਹਾਂ ਨੂੰ ਪੂਰਾ ਸਮਰਥਨ ਦੇਣਗੇ।
ਈਟੀਵੀ ਭਾਰਤ ਨਾਲ ਇਥੇ ਖਾਸ ਗੱਲਬਾਤ ਦੌਰਾਨ ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ਕਿਹਾ ਕਿ ਅੱਜ ਦੀ ਪ੍ਰੈੱਸ ਕਾਨਫ਼ਰੰਸ ਦਾ ਮਕਸਦ ਘਰ-ਘਰ ਤੱਕ ਆਵਾਜ਼ ਪਹੁੰਚਾਉਣਾ ਸੀ ਕਿ ਹਰ ਕੋਈ ਕਿਸਾਨਾਂ ਦੇ ਸੰਘਰਸ਼ ਨੂੰ ਸਾਥ ਦੇਵੇ। ਉਨ੍ਹਾਂ ਕਿਹਾ ਕਿ ਕਲਾਕਾਰਾਂ ਦੀ ਵੀ ਸਮਰੱਥਕਾਂ ਨੂੰ ਇਹੀ ਅਪੀਲ ਕੀਤੀ ਗਈ ਹੈ ਕਿ ਉਹ ਕਿਸਾਨੀ ਸੰਘਰਸ਼ ਵਿੱਚ ਵੱਧ ਚੜ੍ਹ ਕੇ ਜੁੜਨ ਕਿਉਂਕਿ ਇਹ ਹਰ ਇੱਕ ਵਰਗ ਦਾ ਸੰਘਰਸ਼ ਹੈ।
ਗਰੇਵਾਲ ਨੇ ਕਿਹਾ ਕਿ ਕਿਸਾਨਾਂ ਵੱਲੋਂ ਦਿੱਲੀ ਨੂੰ ਜਾਂਦੇ ਹੋਏ ਵੱਖ ਵੱਖ ਥਾਵਾਂ 'ਤੇ ਸਰਕਾਰ ਵੱਲੋਂ ਰੋਕੇ ਜਾਣ ਦਾ ਖ਼ਦਸ਼ਾ ਹੈ, ਜਿਸ ਸਬੰਧ ਵਿੱਚ ਕਲਾਕਾਰ ਕਿਸਾਨਾਂ ਦਾ ਪੂਰਾ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਜਿਥੇ-ਜਿਥੇ ਕਿਸਾਨਾਂ ਵੱਲੋਂ ਦਿੱਲੀ ਨੂੰ ਜਾਂਦੀਆਂ ਸੜਕਾਂ 'ਤੇ ਧਰਨੇ ਲਾਏ ਜਾਣਗੇ, ਉਥੇ ਸਾਰੇ ਕਲਾਕਾਰਾਂ ਵੱਲੋਂ ਪਹੁੰਚ ਕੀਤੀ ਜਾਵੇਗੀ ਅਤੇ ਧਰਨਿਆਂ ਦੌਰਾਨ ਕਿਸਾਨ ਨਿਰਾਸ਼ ਨਾ ਹੋਣ ਇਸ ਲਈ ਗੀਤ ਸੁਣਾਏ ਜਾਣਗੇ।
ਉਨ੍ਹਾਂ ਕਿਹਾ ਕਿ ਹਰ ਧਰਨੇ ਵਿੱਚ ਇੱਕ ਜਾਂ ਦੋ ਕਲਾਕਾਰ ਪੁੱਜਣਗੇ ਅਤੇ ਕਿਸਾਨਾਂ ਨੂੰ ਹੌਸਲੇ ਅਤੇ ਜੋਸ਼ ਭਰਪੂਰ ਗੀਤ ਸੁਣਾਏ ਜਾਣਗੇ ਤਾਂ ਜੋ ਕਿਸਾਨ ਮਾਯੂਸ ਨਾ ਹੋਣ। ਜਿਵੇਂ ਜੰਗਾਂ ਦੇ ਵਿੱਚ ਵਾਰਾਂ ਗਾਈਆਂ ਜਾਂਦੀਆਂ ਸਨ ਤਾਂ ਇਸ ਕਿਸਾਨੀ ਸੰਘਰਸ਼ ਵਿੱਚ ਕਲਾਕਾਰ ਗਾਇਕੀ ਰਾਹੀਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਵਿੱਚ ਯੋਗਦਾਨ ਪਾਉਣਗੇ।