ਚੰਡੀਗੜ੍ਹ: ਪੰਜਾਬ ਵਿੱਚ ਜਿਵੇਂ-ਜਿਵੇਂ 2022 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਉਸ ਤਰ੍ਹਾਂ ਹੀ ਵੱਖ-ਵੱਖ ਪਾਰਟੀਆਂ ਦੇ ਲੀਡਰ ਵੀ ਪਾਰਟੀਆਂ ਵਿੱਚ ਅਦਲਾ-ਬਦਲੀ ਕਰਦੇ ਨਜ਼ਰ ਆ ਰਹੇ ਹਨ। ਕੁੱਝ ਸਮੇਂ ਪਹਿਲਾ ਹੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ 'ਪੰਜਾਬ ਲੋਕ ਕਾਂਗਰਸ' ਦਾ ਗਠਨ ਕੀਤਾ ਗਿਆ ਸੀ। ਜਿਸ ਵਿੱਚ ਸ਼ਾਮਿਲ ਹੋਣ ਵਾਲਿਆਂ ਦੀ ਗਿਣਤੀ ਦਿਨ ਪਰ ਦਿਨ ਵੱਧਦੀ ਨਜ਼ਰ ਜਾ ਰਹੀ ਹੈ।
ਜਿਸ ਦੇ ਤਹਿਤ ਹੀ ਬੁੱਧਵਾਰ ਨੂੰ ਲੁਧਿਆਣਾ ਤੋਂ ਸੀਨੀਅਰ ਕਾਂਗਰਸੀ ਆਗੂ ਤੇ 2 ਵਾਰ ਦੇ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ 'ਪੰਜਾਬ ਲੋਕ ਕਾਂਗਰਸ' ਵਿੱਚ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ ਸ਼ੋਮਣੀ ਅਕਾਲੀ ਦਲ ਦੀ ਸਾਬਕਾ ਵਿਧਾਇਕ ਬੇਗਮ ਫਰਜ਼ਾਨਾ ਆਲਮ ਵੀ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋ ਗਈ ਹੈ।
ਇਸ ਤੋਂ ਇਲਾਵਾ ਪੰਜਾਬ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬ ਮੰਡੀ ਬੋਰਡ ਦੇ ਵਾਈਸ ਚੇਅਰਮੈਨ ਵਿਜੇ ਕਾਲੜਾ, ਪੰਜਾਬੀ ਗਾਇਕ ਬੂਟਾ ਮੁਹੰਮਦ, ਗਾਇਕ ਸਰਦਾਰ ਅਲੀ, ਸਾਬਕਾ ਵਿਧਾਇਕ ਰਾਜਵਿੰਦਰ ਕੌਰ ਭਾਗੀਕੇ, ਰਾਜਦੀਪ ਕੌਰ ਫਾਜ਼ਿਲਕਾ, ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ, ਪ੍ਰੇਮ ਮਿੱਤਲ, ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਜਗਮੋਹਨ ਸ਼ਰਮਾ ਅਤੇ ਸਤਵੀਰ ਸਿੰਘ ਪੱਲੀ ਝਿੱਕੀ, ਸੰਮੁਖ ਸਿੰਘ ਮੋਖਾ, ਅਨੂਪ ਸਿੰਘ ਭੁੱਲਰ, ਸੰਜੀਵ ਬਿੱਟੂ ਮੇਅਰ, ਅਸ਼ਵਨੀ ਕੁਮਾਰ ਪੁੱਤਰ ਰੁਮਾਲ ਚੰਦ ਸਾਬਕਾ ਵਿਧਾਇਕ, ਨਿਤਿਨ ਸ਼ਰਮਾ ਬਟਾਲਾ, ਫਾਜ਼ਿਲਕਾ ਤੋਂ ਰਾਜਦੀਪ ਕੌਰ ਆਦਿ ਸ਼ਾਮਲ ਹਨ।
ਕੈਪਟਨ ਨੇ 2 ਨਵੰਬਰ ਨੂੰ ਬਣਾਈ ਸੀ ਨਵੀਂ ਪਾਰਟੀ 'ਪੰਜਾਬ ਲੋਕ ਕਾਂਗਰਸ' ਪਾਰਟੀ
ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ 2 ਨਵੰਬਰ ਨੂੰ ਨਵੀਂ ਪਾਰਟੀ ਦੇ ਨਾਮ ਦਾ ਐਲਾਨ ਕਰ ਦਿੱਤਾ ਸੀ। ਜਿਸ ਦਾ ਨਾਂ ਕੈਪਟਨ ਨੇ 'ਪੰਜਾਬ ਲੋਕ ਕਾਂਗਰਸ' ਰੱਖਿਆ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਇੱਕ ਟਵਿਟ ਕਰਕੇ ਜਾਣਕਾਰੀ ਦਿੱਤੀ ਗਈ ਸੀ।
ਦੱਸ ਦਈਏ ਕਿ ਕੈਪਟਨ ਦੇ ਇਸ ਐਲਾਨ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਸਿਆਸੀ ਭੂਚਾਲ ਆ ਗਿਆ ਸੀ। ਸਿਆਸੀ ਹਲਕਿਆਂ ਦੇ ਵਿੱਚ ਚਰਚਾ ਚੱਲ ਰਹੀ ਸੀ ਕਿ ਹੁਣ ਕੈਪਟਨ ਕਿਸ ਪਾਰਟੀ ਦੇ ਨਾਲ ਗੱਠਜੋੜ ਕਰਨਗੇ। ਜਿਕਰਯੋਗ ਹੈ ਕਿ ਕੈਪਟਨ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਵਿੱਚ ਭਾਜਪਾ ਨਾਲ ਗੱਠਜੋੜ ਕਰਨ ਦੇ ਵੀ ਸੰਕੇਤ ਦਿੱਤੇ ਸਨ। ਇਸ ਗੱਠਜੋੜ ਤੋਂ ਪਹਿਲਾਂ ਉਨ੍ਹਾਂ ਨੇ ਖੇਤੀਬਾੜੀ ਕਾਨੂੰਨਾਂ ਦਾ ਜਿਕਰ ਕੀਤਾ ਸੀ।
ਇਹ ਵੀ ਪੜੋ:- ਸਿੱਧੂ ਦੇ ਚੋਣ ਕਮੇਟੀ ਦਾ ਚੇਅਰਮੈਨ ਬਣਨ 'ਤੇ ਰਾਤ ਦੇ ਚੌਕੀਦਾਰ ਬਣ ਕੇ ਰਹਿ ਜਾਣਗੇ ਚੰਨੀ: ਕੈਪਟਨ ਅਮਰਿੰਦਰ ਸਿੰਘ