ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਦੇ ਏਆਈਜੀ ਆਸ਼ੀਸ਼ ਕਪੂਰ ਵਿਰੁੱਧ ਇੱਕ ਔਰਤ ਦੀ ਸ਼ਿਕਾਇਤ 'ਤੇ ਹਿਰਾਸਤੀ ਬਲਾਤਕਾਰ ਤੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ। ਸਟੇਟ ਸਪੈਸ਼ਲ ਆਪਰੇਸ਼ਨ ਯੂਨਿਟ ਪੰਜਾਬ ਮੋਹਾਲੀ ਤਹਿਤ ਪਹਿਲਾਂ ਹੀ ਇਹ ਕੇਸ ਦਰਜ ਕੀਤਾ ਜਾ ਚੁੱਕਾ ਸੀ। ਇਸ ਵਿਚ ਜਾਂਚ ਮਗਰੋਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਦਾ ਨਾਂਅ ਸ਼ਾਮਲ ਕੀਤਾ ਗਿਆ ਹੈ।
ਇਹ ਜਾਂਚ ਇੰਸਪੈਕਟਰ ਜਨਰਲ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਨਿਗਰਾਨੀ ਹੇਠ ਜਾਰੀ ਹੈ। ਇਸ ਅਧਿਕਾਰੀ ਵਿਰੁੱਧ 376 (2) (ਏ)(ਬੀ)(ਡੀ), 376 (ਸੀ), 354, 419, 506 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ, ਸਾਲ 2016 ਵਿੱਚ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਨਾਲ ਸਬੰਧਤ ਇੱਕ ਔਰਤ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਸੀ। ਉਸ ਵੇਲੇ ਆਸ਼ੀਸ਼ ਕਪੂਰ ਉੱਥੇ ਜੇਲ੍ਹ ਸੁਪਰਡੈਂਟ ਵਜੋਂ ਤਾਇਨਾਤ ਸਨ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਸ ਨਾਲ ਜੇਲ੍ਹ ਵਿਚ ਮਾਨਸਿਕ ਤੇ ਸਰੀਰਕ ਤੌਰ ਉੱਤੇ ਵਧੀਕੀਆਂ ਹੋਈਆਂ ਜਿਸ ਮਗਰੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਹੋਈ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਦੇ ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਦੱਸਿਆ ਕਿ ਔਰਤ ਨਾਲ ਬਲਾਤਕਾਰ ਤੇ ਉਸ ਕੋਲੋਂ ਜਬਰੀ ਵਸੂਲੀ ਦੇ ਮਾਮਲੇ ਵਿੱਚ ਆਸ਼ੀਸ਼ ਕਪੂਰ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਜੇਲ੍ਹ ਸੁਪਰਡੈਂਟ ਰਾਜਨ ਕਪੂਰ ਨੂੰ ਬਰਖ਼ਾਸਤ ਕੀਤਾ ਜਾ ਚੁੱਕਿਆ ਹੈ।
ਸ਼ਿਕਾਇਤਕਰਤਾ ਦੇ ਇਲਜ਼ਾਮ ਹਨ ਕਿ ਜਿਸ ਵੇਲੇ ਉਹ 2016 ਵਿੱਚ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਸੀ ਤਾਂ ਉਸ ਵੇਲੇ ਜੇਲ੍ਹ ਸੁਪਰਡੈਂਟ ਆਸ਼ੀਸ਼ ਕਪੂਰ ਨੇ ਉਸ ਦੀ ਈ-ਪਰਿਜ਼ਨ ਸਿਸਟਮ ਤਹਿਤ ਜੇਲ੍ਹ ਵਿੱਚ ਉਸ ਦੀ ਡਿਊਟੀ ਲਗਾਈ ਸੀ। ਇਸ ਦੌਰਾਨ ਹੀ ਉਸ ਨੇ ਉਸ ਨਾਲ ਸਰੀਰਕ ਸਬੰਧ ਬਣਾਏ ਸਨ।
ਔਰਤ ਨੇ ਇਲਜ਼ਾਮ ਲਾਇਆ ਕਿ ਆਸ਼ੀਸ਼ ਕਪੂਰ ਨੇ ਉਸਨੂੰ ਕਿਹਾ ਸੀ ਕਿ ਉਹ ਆਪਣੇ ਪਤੀ ਨੂੰ ਤਲਾਕ ਦੇ ਦੇਵੇ ਤੇ ਉਹ ਵੀ ਆਪਣੀ ਪਤਨੀ ਨੂੰ ਤਲਾਕ ਦੇ ਦੇਣਗੇ ਜਿਸ ਮਗਰੋਂ ਦੋਵੇਂ ਵਿਆਹ ਕਰਵਾ ਲੈਣਗੇ। ਵਿਆਹ ਕਰਵਾਉਣ ਦੇ ਝਾਂਸੇ ਤਹਿਤ ਏਆਈਜੀ ਆਸ਼ੀਸ਼ ਕਪੂਰ ਉਸ ਨਾਲ 2018 ਤੱਕ ਸਰੀਰਕ ਸਬੰਧ ਬਣਾਉਂਦਾ ਰਿਹਾ।
ਇਲਜ਼ਾਮ ਹਨ ਕਿ ਜ਼ੀਰਕਪੁਰ ਦੇ ਇੱਕ ਥਾਣੇਦਾਰ ਦੀ ਮਦਦ ਨਾਲ ਆਸ਼ੀਸ਼ ਕਪੂਰ ਨੇ ਸ਼ਿਕਾਇਤਕਰਤਾ ਔਰਤ ਖ਼ਿਲਾਫ਼ ਇਮੀਗਰੇਸ਼ਨ ਮਾਮਲੇ ਵਿੱਚ ਮੁਕੱਦਮਾ ਦਰਜ ਕਰਵਾਇਆ ਸੀ। ਇਸ ਵਿੱਚ ਸ਼ਿਕਾਇਤਕਰਤਾ ਔਰਤ ਦੇ ਭਰਾ ਤੇ ਮਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਗਿਆ ਸੀ। ਉਸ ਦੀ ਗ੍ਰਿਫ਼ਤਾਰੀ ਹੋਣ ਮਗਰੋਂ ਪਟਿਆਲਾ ਜੇਲ੍ਹ ਵਿੱਚ ਵੀ ਆਸ਼ੀਸ਼ ਕਪੂਰ ਨੇ ਪਟਿਆਲਾ ਜੇਲ੍ਹ ਸੁਪਰਡੈਂਟ ਰਾਜਨ ਕਪੂਰ ਦੀ ਮਦਦ ਨਾਲ ਬਲਾਤਕਾਰ ਕੀਤਾ ਸੀ।