ਚੰਡੀਗੜ੍ਹ: ਸਾਬਕਾ ਸਿੱਖਿਆ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਅਕਾਲੀ ਦਲ ਤੇ ਭਾਜਪਾ ਗਠਜੋੜ ਸਰਕਾਰ ਸਮੇਂ ਪੰਜਾਬੀ ਮਾਂ ਬੋਲੀ ਨੂੰ ਉਤਸ਼ਾਹਿਤ ਕਰਨ ਲਈ ਅਧਿਆਪਕਾਂ ਨੂੰ ਸਾਲਾਨਾ ਗੁਪਤ ਰਿਪੋਰਟ (ਏਸੀਆਰ) ਵਿੱਚ 8 ਅੰਕ ਦਿੱਤੇ ਜਾਂਦੇ ਸਨ ਪਰ ਮੌਜੂਦਾ ਕਾਂਗਰਸ ਸਰਕਾਰ ਸਮੇਂ ਇਹ 8 ਅੰਕ ਦੇਣੇ ਬੰਦ ਕਰ ਕੇ ਉਲਟਾ ਅੰਗਰੇਜ਼ੀ ਨੂੰ ਉਤਸ਼ਾਹਿਤ ਕਰਨ ਵਾਲਿਆਂ ਨੂੰ 5 ਅੰਕ ਦੇਣ ਦਾ ਫ਼ੈਸਲਾ ਕਰ ਦਿੱਤਾ ਗਿਆ ਹੈ, ਜੋ ਕਿ ਪੰਜਾਬ ਦੇ ਲੋਕਾਂ ਲਈ ਹੈਰਾਨੀਜਨਕ ਹੈ ਕਿਉਂਕਿ ਰਾਜ ਦੀ ਭਾਸ਼ਾ ਹੀ ਪੰਜਾਬੀ ਹੈ।
ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿੱਥੇ ਪਹਿਲਾਂ ਸਰਕਾਰ ਨੇ ਆਪਣੀ ਜਮਾਤ ਦੇ 10 ਫ਼ੀਸਦੀ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ 5 ਅੰਕ ਦੇਣ ਦੀ ਮੱਦ ਸ਼ਾਮਲ ਕੀਤੀ ਸੀ। ਉਨ੍ਹਾਂ ਕਿਹਾ ਕਿ ਹੁਣ ਨਵੇਂ ਫੈਸਲੇ ਨਾਲ ਪੰਜਾਬੀ ਨੂੰ ਉਤਸ਼ਾਹਿਤ ਕਰਨ ਵਾਲੇ, ਪੰਜਾਬੀ ਨੂੰ ਪਿਆਰ ਕਰਨ ਵਾਲੇ ਤੇ ਇਸ ਲਈ ਡਟਣ ਵਾਲੇ ਅਧਿਆਪਕਾਂ ਨੂੰ 13 ਅੰਕਾਂ ਦਾ ਖਮਿਆਜ਼ਾ ਭੁਗਤਣਾ ਪਵੇਗਾ।
ਉਨ੍ਹਾਂ ਦੱਸਿਆ ਕਿ ਇਸਦਾ ਮਤਲਬ ਇਹ ਹੈ ਕਿ ਅਧਿਆਪਕਾਂ ਨੂੰ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਪੰਜਾਬੀ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਨਹੀਂ ਤੇ ਨਾ ਹੀ ਇਸਦੇ ਕੋਈ ਨੰਬਰ ਨਹੀ ਮਿਲਣੇ ਬਲਕਿ ਘਾਟਾ ਹੀ ਪੈਣਾ ਹੈ।
ਚੀਮਾ ਨੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਇਸ ਬਾਬਤ ਪੱਤਰ ਲਿਖ ਕੇ ਇਸ ਸਾਰੇ ਮਾਮਲੇ ਤੋਂ ਜਾਣੂ ਕਰਵਾਇਆ ਹੈ। ਡਾ. ਚੀਮਾ ਨੇ ਮੰਤਰੀ ਨੂੰ ਅਪੀਲ ਕੀਤੀ ਕਿ ਸਾਰੇ ਮਾਮਲੇ ਦੀ ਪੜਤਾਲ ਕਰਵਾ ਕੇ ਪੰਜਾਬੀ ਮਾਂ ਬੋਲੀ ਖ਼ਿਲਾਫ਼ ਲਏ ਜਾ ਰਹੇ ਇਨ੍ਹਾਂ ਫ਼ੈਸਲਿਆਂ ਨੂੰ ਤੁਰੰਤ ਰੱਦ ਕਰਵਾਇਆ ਜਾਵੇ ਅਤੇ ਫਿਰ ਤੋਂ ਪੁਰਾਣਾ ਗੁਪਤ ਰਿਪੋਰਟ ਦਾ ਪ੍ਰੋਫਾਰਮਾਂ ਲਾਗੂ ਕਰਵਾਇਆ ਜਾਵੇ ਅਤੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਚੀਮਾ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਸਾਡੀ ਨਵੀਂ ਪੀੜ੍ਹੀ ਨੂੰ ਆਪਣੀ ਅਮੀਰ ਵਿਰਾਸਤ, ਸ਼ਾਨਾਮੱਤਾ ਇਤਿਹਾਸ ਤੇ ਧੁਰ ਕੀ ਬਾਣੀ ਨਾਲ ਸਾਂਝ ਪਵਾਉਂਦੀ ਹੈ।