ਚੰਡੀਗੜ੍ਹ: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਬੀਜੇਪੀ ਦੀ ਹੋਈ ਹਾਰ ਨੂੰ ਲੈ ਕੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ETV ਭਾਰਤ ਨੇ ਨਾਲ ਖ਼ਾਸ ਗੱਲਬਾਤ ਕੀਤੀ। ਇਸ ਦੌਰਾਨ ਚੀਮਾ ਨੇ ਕਿਹਾ ਕਿ ਬੀਜੇਪੀ ਨੂੰ ਹਰਾਉਣ ਦੇ ਲਈ ਕਾਂਗਰਸ ਅਤੇ ਤਮਾਮ ਭਾਰਤੀਆਂ ਨੇ ਆਪਣਾ ਵੋਟ ਬੈਂਕ ਆਮ ਆਦਮੀ ਪਾਰਟੀ ਕੋਲ ਸ਼ਿਫਟ ਕਰ ਦਿੱਤਾ ਹੈ।
ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਆਧਾਰ ਨਹੀਂ
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਖ਼ਤਮ ਹੋ ਚੁੱਕੀ ਹੈ, ਇਨ੍ਹਾਂ ਤੋਂ ਟੁੱਟ ਕੇ ਕਈ ਵਿਧਾਇਕਾਂ ਨੇ ਆਪਣੀ ਪਾਰਟੀ ਬਣਾ ਲਈ, ਕਈ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਆਧਾਰ ਨਹੀਂ ਹੈ।
CAA ਹੋ ਸਕਦੈ ਹਾਰ ਦਾ ਕਾਰਣ?
ਚੀਮਾ ਨੂੰ ਜਦੋਂ ਪੁੱਛਿਆ ਗਿਆ ਕਿ ਨਾਗਰਿਕ ਸੋਧ ਕਾਨੂੰਨ, ਐੱਨਪੀਆਰ ਤੇ ਐਨਆਰਸੀ ਮੁੱਦਾ ਬੀਜੇਪੀ ਦੀ ਹਾਰ ਦਾ ਕਾਰਨ ਹੋ ਸਕਦਾ ਤਾਂ ਉਨ੍ਹਾਂ ਨੇ ਕਿਹਾ ਇਹ ਤਾਂ ਬੀਜੇਪੀ ਹਾਈਕਮਾਨ ਹੀ ਸਮੀਖਿਆ ਕਰੇਗੀ ਕਿ ਹਾਰ ਦੇ ਕੀ ਕਾਰਨ ਹਨ।
2022 ਵਿੱਚ ਬਣੇਗੀ ਅਕਾਲੀ ਦਲ ਦੀ ਸਰਕਾਰ
ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਮਿਲੇ ਹੋਣ ਦੇ ਇਲਜ਼ਾਮ ਲਗਾਉਂਦੇ ਹੋਏ ਦਲਜੀਤ ਚੀਮਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਅਸਲ ਮੁੱਦਿਆਂ ਨੂੰ ਛੱਡ ਕੇ ਕਾਂਗਰਸ ਦਾ ਸਾਥ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ 2022 ਵਿੱਚ ਅਕਾਲੀ ਦਲ ਦੀ ਸਰਕਾਰ ਪੰਜਾਬ ਦੇ ਵਿੱਚ ਮੁੜ ਤੋਂ ਬਣੇਗੀ, ਕਿਉਂਕਿ ਕਾਂਗਰਸ ਸਰਕਾਰ ਤੋਂ ਪੰਜਾਬ ਦੇ ਲੋਕ ਦੁੱਖੀ ਹਨ।