ਚੰਡੀਗੜ੍ਹ: ਆਪ ਦੇ ਦਿੱਲੀ ਵਿਧਾਨ ਸਭਾ ਹਲਕੇ ਮਹਿਰੋਲੀ ਤੋਂ ਵਿਧਾਇਕ ਨਰੇਸ਼ ਯਾਦਵ ਨੂੰ ਮਲੇਰਕੋਟਲਾ ਦੀ ਅਦਾਲਤ ਵਿੱਚ ਚੱਲ ਰਹੇ ਕੇਸ ਤੋਂ ਬਾਇੱਜ਼ਤ ਬਰੀ ਕਰ ਦਿੱਤਾ। ਇਸ ਦੌਰਾਨ ਈਟੀਵੀ ਭਾਰਤ ਨਾਲ ਵਿਧਾਇਕ ਨਰੇਸ਼ ਯਾਦਵ ਨੇ ਖ਼ਾਸ ਗੱਲਬਾਤ ਕੀਤੀ।
ਸਵਾਲ: ਕਿਸ ਕੇਸ ਵਿੱਚੋਂ ਬਾਇੱਜ਼ਤ ਬਰੀ ਹੋਏ ਹੋ ਪਹਿਲਾਂ ਉਸ ਬਾਰੇ ਦੱਸੋ ?
ਜਵਾਬ: ਨਰੇਸ਼ ਯਾਦਵ ਨੇ ਕਿਹਾ ਕਿ 2015 ਵਿੱਚ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਪੰਜਾਬ ਦਾ ਸਹਿ ਪ੍ਰਭਾਰੀ ਬਣਾਇਆ ਗਿਆ ਸੀ ਅਤੇ 2016 ਵਿੱਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀ ਸਰਕਾਰ ਨੇ ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਝੂਠਾ ਗਵਾਹ ਖੜਾ ਕਰ ਫਸਾ ਦਿੱਤਾ ਸੀ।
ਸਵਾਲ: ਤੁਹਾਡੇ ਮੁਤਾਬਕ ਕਿ ਸਿਆਸਤ ਤੋਂ ਪ੍ਰੇਰਿਤ ਮਾਮਲਾ ਸੀ ?
ਜਵਾਬ: ਨਰੇਸ਼ ਯਾਦਵ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਇਹ ਕੇਸ ਪਾਇਆ ਸੀ ਲੇਕਿਨ ਅਦਾਲਤ ਨੇ ਉਨ੍ਹਾਂ ਨੂੰ ਨਿਰਦੋਸ਼ ਪਾਇਆ ਹੈ ਤੇ 5 ਸਾਲਾਂ ਦੇ ਚੱਲੇ ਟ੍ਰਾਇਲ ਦੌਰਾਨ ਉਨ੍ਹਾਂ ਖ਼ਿਲਾਫ਼ ਇੱਕ ਵੀ ਸਬੂਤ ਨਹੀਂ ਪਾਇਆ ਗਿਆ ਅਤੇ ਉਸ ਸਮੇਂ ਵੀ ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਉਨ੍ਹਾਂ ਖ਼ਿਲਾਫ਼ ਕੋਈ ਸਬੂਤ ਮਿਲਦਾ ਹੈ ਤਾਂ ਉਹ ਉਸ ਨੂੰ ਫਾਂਸੀ ਉੱਤੇ ਚੜ੍ਹਾ ਦਿੱਤਾ ਜਾਵੇ ਅਤੇ ਨਾ ਹੀ ਉਨ੍ਹਾਂ ਵੱਲੋਂ ਦਿੱਲੀ ਦੇ ਮਹਿਰੌਲੀ ਇਲਾਕੇ ਵਿੱਚ ਮੁਸਲਿਮ ਇਲਾਕਿਆਂ ਵਿੱਚ ਜਾਂਦੇ ਸਮੇਂ ਕੋਈ ਸੁਰੱਖਿਆ ਲਈ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਨਰੇਸ਼ ਯਾਦਵ ਨੇ ਕਿਸੇ ਵੀ ਤਰੀਕੇ ਦੀ ਬੇਅਦਬੀ ਨਹੀਂ ਕਰਵਾਈ ਅਤੇ ਹਮੇਸ਼ਾ ਹੀ ਉਨ੍ਹਾਂ ਨੂੰ ਲੋਕਾਂ ਤੋਂ ਪਿਆਰ ਮਿਲਿਆ ਹੈ ਅਤੇ ਉਥੇ ਦੀ ਮੁਸਲਿਮ ਵੋਟਰ ਨੇ ਹੀ ਉਨ੍ਹਾਂ ਨੂੰ ਪਹਿਲਾਂ ਨਾਲੋਂ ਵੱਧ ਮਾਰਜਨ ਤੇ ਜਤਾ ਕੇ ਮੁੜ ਸਰਕਾਰ ਵਿੱਚ ਭੇਜਿਆ ਹੈ ਤੇ ਅੱਜ ਲੋਕਾਂ ਸਾਹਮਣੇ ਵੀ ਸੱਚਾਈ ਆ ਚੁੱਕੀ ਹੈ।
ਸਵਾਲ: ਤੁਹਾਡੇ ਉੱਤੇ ਚੱਲ ਰਹੇ ਕੇਸ ਨਾਲ ਤੁਹਾਡੀ ਸਿਆਸਤ ਉੱਪਰ ਕਿੰਨਾ ਅਸਰ ਪਿਆ ?
ਜਵਾਬ: ਨਰੇਸ਼ ਯਾਦਵ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਮਹਿਰੌਲੀ ਹਲਕੇ ਵਿੱਚ ਵੀ ਪਰਚੇ ਬਣਾ ਕੇ ਵੰਡੇ ਸਨ ਕਿ ਨਰੇਸ਼ ਯਾਦਵ ਨੂੰ ਹਰਾਇਆ ਜਾ ਸਕੇ ਲੇਕਿਨ ਉਹ ਹਰ ਵਾਰ ਵੱਧ ਵੋਟਾਂ ਤੋਂ ਜੇਤੂ ਰਹੇ ਕਿਉਂਕਿ ਉਨ੍ਹਾਂ ਦੀ ਪਾਰਟੀ ਸਿੱਖਿਆ ਬਿਜਲੀ ਪਾਣੀ ਤੇ ਵਿਕਾਸ ਦੀ ਗੱਲ ਕਰਦੀ ਹੈ ਜਿਸ ਦੀ ਚਰਚਾ ਪੂਰੇ ਦੇਸ਼ ਵਿੱਚ ਹੁੰਦੀ ਹੈ ਤੇ ਉਨ੍ਹਾਂ ਦੀ ਸਿਆਸਤ ਉੱਪਰ ਇਸ ਕੇਸ ਨਾਲ ਕੋਈ ਫਰਕ ਨਹੀਂ ਪਿਆ।
ਸਵਾਲ: ਕੀ ਤੁਸੀਂ ਸਾਜ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਕਰੋਗੇ ?
ਜਵਾਬ: ਨਰੇਸ਼ ਯਾਦਵ ਨੇ ਕਿਹਾ ਕਿ ਉਨ੍ਹਾਂ ਦੇ ਵਿਰੋਧੀ ਧਿਰ ਦੇ ਲੀਡਰ ਅਤੇ ਲੀਗਲ ਸੈੱਲ ਦੇ ਪ੍ਰਧਾਨ ਹਰਪਾਲ ਚੀਮਾ ਹੀ ਇਸ ਕੇਸ ਨੂੰ ਦੇਖਣਗੇ ਲੇਕਿਨ ਉਨ੍ਹਾਂ ਦੀ ਨਿੱਜੀ ਰਾਇ ਹੈ ਕਿ ਝੂਠੇ ਮਾਮਲੇ ਵਿੱਚ ਫਸਾਉਣ ਵਾਲੇ ਦੋਸ਼ੀਆਂ ਖਿਲਾਫ਼ ਮਾਣਹਾਨੀ ਦਾ ਕੇਸ ਕੀਤਾ ਜਾਵੇ।
ਸਵਾਲ: ਕੀ ਹੁਣ ਨਰੇਸ਼ ਯਾਦਵ ਮਲੇਰਕੋਟਲਾ ਵਿਖੇ 2022 ਵਿੱਚ ਆਪ ਲਈ ਪ੍ਰਚਾਰ ਕਰਨ ਆਉਣਗੇ ?
ਜਵਾਬ: ਨਰੇਸ਼ ਯਾਦਵ ਨੇ ਕਿਹਾ ਕਿ 2016 ਵਿੱਚ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਵੀ ਉਹ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਲੇਰਕੋਟਲਾ ਸਣੇ ਤਮਾਮ ਸੂਬੇ ਭਰ ਵਿੱਚ ਪ੍ਰਚਾਰ ਕਰਦੇ ਰਹੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਖ਼ਾਸ ਤੌਰ ਉੱਤੇ ਪਾਰਟੀ ਹਾਈ ਕਮਾਨ ਨੂੰ ਕਿਹਾ ਕਿ ਮਲੇਰਕੋਟਲਾ ਵਿੱਚ ਪ੍ਰਚਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਕਿ ਉਹ ਕੇਜਰੀਵਾਲ ਨੂੰ ਕਹਿਣਗੇ ਤਾਂ ਉਨ੍ਹਾਂ ਨੇ ਕਿਹਾ ਕਿ ਜਿਥੇ ਵੀ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਉਨ੍ਹਾਂ ਦੀ ਡਿਊਟੀ ਲਗਾਉਣਗੇ ਉਹ ਪ੍ਰਚਾਰ ਕਰਨਗੇ ਕਿਉਂਕਿ ਉਹ ਅਰਵਿੰਦ ਕੇਜਰੀਵਾਲ ਦੇ ਸੱਚੇ ਸਿਪਾਹੀ ਹਨ।