ਚੰਡੀਗੜ੍ਹ: ਪੰਜਾਬ ਸਰਕਾਰ ਦਾ ਮਾਨਸੂਨ ਸੈਸ਼ਨ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਿਆ ਹੈ। ਸਦਨ 'ਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪਹਿਲਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸ਼ਰਧਾਂਜਲੀ ਦੇਣ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ ਸੋਮਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਸੈਸ਼ਨ ਦੇ ਪਹਿਲੇ ਦਿਨ ਦੀ ਕਾਰਵਾਈ ਸਿਰਫ਼ 14 ਮਿੰਟ ਚੱਲੀ, ਜਿਸ ਦੇ ਚਲਦੇ ਆਮ ਆਦਮੀ ਪਾਰਟੀ ਵੱਲੋਂ ਭਾਰੀ ਰੋਸ ਵੇਖਣ ਨੂੰ ਮਿਲਿਆ। ਸੁਨਾਮ ਤੋਂ 'ਆਪ' ਦੇ ਵਿਧਾਇਕ ਅਮਨ ਅਰੋੜਾ ਨੇ ਰੋਸ ਵਜੋਂ ਆਪਣੇ ਟੀ.ਏ., ਡੀ.ਏ. ਲੈਣ ਤੋਂ ਇਨਕਾਰ ਕਰਦਿਆਂ ਹੋਇਆਂ ਪੰਜਾਬ ਦੇ ਸਪੀਕਰ ਕੇ.ਪੀ. ਸਿੰਘ ਨੂੰ ਮੰਗ ਪੱਤਰ ਸੌਂਪਿਆ ਹੈ।
ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਅਮਨ ਅਰੋੜਾ ਨੇ ਦੱਸਿਆ ਕਿ ਵਿਧਾਨ ਸਭਾ ਦੇ ਪਹਿਲੇ ਦਿਨ ਸ਼ਰਧਾਂਜਲੀ ਦੇਣ ਤੋਂ ਬਾਅਦ ਸਦਨ ਦੀ ਕਾਰਵਾਈ 1 ਘੰਟੇ ਦੇ ਮਗਰੋਂ ਫਿਰ ਤੋਂ ਸ਼ੁਰੂ ਕੀਤੀ ਜਾ ਸਕਦੀ ਸੀ, ਪਰ ਸਪੀਕਰ ਕੇ.ਪੀ. ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਕੇ ਸਦਨ ਦੀ ਕਾਰਵਾਈ ਨੂੰ ਸੋਮਵਾਰ ਤੱਕ ਮੁਲਤਵੀ ਕਰ ਦਿੱਤਾ। ਅਮਨ ਨੇ ਕਿਹਾ ਕਿ ਜੇ ਸਦਨ 'ਚ ਕਾਰਵਾਈ ਹੀ ਨਹੀਂ ਹੋਈ ਤਾਂ ਉਹ ਟੀਏ ਡੀਏ ਲੈਣ ਦੇ ਹੱਕਦਾਰ ਵੀ ਨਹੀਂ ਹਨ।
ਮਾਨਸੂਨ ਇਜਲਾਸ ਦਾ ਪਹਿਲਾ ਦਿਨ, ਵਿਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ
ਉਨ੍ਹਾਂ ਕਿਹਾ ਕਿ ਇੱਕ ਦਿਨ ਦੀ ਸਦਨ 'ਚ ਕਾਰਵਾਈ 'ਤੇ ਤਕਰੀਬਨ 70 ਲੱਖ ਰੁਪਏ ਦਾ ਖ਼ਰਚਾ ਹੁੰਦਾ ਹੈ, ਜੋ ਕਿ ਆਮ ਜਨਤਾ ਦੀ ਜੇਬ ਵਿੱਚੋਂ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸੈਸ਼ਨ ਦੇ ਵਿੱਚ ਆਮ ਲੋਕਾਂ ਦੇ ਮੁੱਦੇ ਚੁੱਕੇ ਜਾਣੇ ਚਾਹੀਦੇ ਹਨ, ਪਰ ਪਾਰਟੀਆਂ ਵੱਲੋਂ ਹੰਗਾਮੇ ਨਾਲ ਹੀ ਸਾਰਾ ਸੈਸ਼ਨ ਲੰਘਾ ਦਿੱਤਾ ਜਾਂਦਾ ਹੈ, ਜਿਸ ਵਿੱਚ ਆਮ ਲੋਕਾਂ ਦੇ ਮੁੱਦੇ ਦੀ ਗੱਲ ਹੀ ਨਹੀਂ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਰੀ ਪਾਰਟੀਆਂ ਨੂੰ ਇਕਜੁੱਟ ਹੋ ਕੇ ਆਪਣੇ ਹਲਕੇ ਦੀਆਂ ਸਮੱਸਿਆਵਾਂ ਸੈਸ਼ਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਹਨ। ਵਿਧਾਇਕ ਨੇ ਕਿਹਾ ਕਿ ਇਸ ਵਾਰ ਦਾ ਮਾਨਸੂਨ ਇਜਲਾਸ ਭਾਵੇਂ 2 ਦਿਨ ਦਾ ਹੈ, ਪਰ ਫਿਰ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਉਹ ਆਪਣੇ ਹਲਕੇ ਦੇ ਮੁੱਦੇ ਸਭ ਦੇ ਸਾਹਮਣੇ ਰੱਖਣਗੇ।