ਚੰਡੀਗੜ੍ਹ: ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਇਸਦੇ ਨਾਲ ਹੀ ਕਿਸਾਨਾਂ ਦੇ ਸੰਘਰਸ਼ ਨੂੰ ਲੈ ਕੇ ਵਿਰੋਧੀ ਪਾਰਟੀ ਇਕ ਦੂਜੇ ਨੂੰ ਘੇਰਦੀ ਹੋਈ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਖੇਤੀ ਕਾਨੂੰਨ ਨੂੰ 2 ਸਾਲ ਲਈ ਰੋਕ ਲਾਉਣ ਲਈ ਦਿੱਤੇ ਸੁਝਾਅ ਨੂੰ ਲੈ ਕੇ ਵਿਰੋਧੀ ਧਿਰ ਨੇ ਮੁੱਖ ਮੰਤਰੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਵੀ ਬੀਜੇਪੀ ਦੀ ਬੋਲੀ ਬੋਲ ਰਹੇ ਹਨ। ਪੁੰਜੀਪਤੀਆਂ ਨਾਲ ਮਿਲ ਕੇ ਕਿਸਾਨਾਂ ਦਾ ਅੰਦੋਲਨ ਖ਼ਤਮ ਕਰਵਾਉਣਾ ਚਾਹੁੰਦੇ ਹਨ। ਅਜਿਹਾ ਕਰਕੇ ਉਹ ਕਿਸਾਨਾ ਦੇ ਨਾਲ ਧੋਖਾ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਦਾ ਇਹ ਸੰਘਰਸ਼ ਆਪਣੀ ਚਰਮ ਸੀਮਾ ਤੇ ਪਹੁੰਚ ਗਿਆ ਹੈ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਲਈ ਅਜਿਹੇ ਹੱਥਕੰਡੇ ਆਪਣਾ ਰਹੇ ਹਨ।
ਮੁੱਖ ਮੰਤਰੀ ਦੇ ਰਹੇ ਹਨ ਬੀਜੇਪੀ ਦੀ ਤਰ੍ਹਾਂ ਕਿਸਾਨਾਂ ਨੂੰ ਸਲਾਹਾਂ- ਚਰਨਜੀਤ ਬਰਾੜ
ਦੂਜੇ ਪਾਸੇ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਬਰਾੜ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਪ੍ਰਸਤਾਅ ਦੇ ਚੁੱਕੀ ਹੈ ਜਿਸਨੂੰ ਕਿਸਾਨਾਂ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਜੇਪੀ ਦੀ ਤਰ੍ਹਾਂ ਹੀ ਕਿਸਾਨਾਂ ਨੂੰ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ। ਅਕਾਲੀ ਦਲ ਦੇ ਬੁਲਾਰੇ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਓਹੀ ਸਟੇਟਮੇਂਟ ਦੇ ਰਹੇ ਹਨ ਜੋ ਕਿ ਨਿੰਦਣਯੋਗ ਹੈ।
ਰਾਜ ਕੁਮਾਰ ਵੇਰਕਾ ਨੇ ਵਿਰੋਧੀਆਂ ’ਤੇ ਚੁੱਕੇ ਸਵਾਲ
ਉਧਰ ਵਿਰੋਧੀਆਂ ’ਤੇ ਸਵਾਲ ਚੁੱਕਦੇ ਰਾਜ ਕੁਮਾਰ ਵੇਰਕਾ ਨੇ ਸਵਾਲ ਚੁੱਕਦਿਆਂ ਕਿਹਾ ਕਿ ਵਿਰੋਧੀ ਧਿਰ ਜਾਣ ਬੁਝ ਕੇ ਮੁੱਖਮੰਤਰੀ ਦੁਆਰਾ ਦਿੱਤੇ ਬਿਆਨ ਨੂੰ ਗਲਤ ਦਿਸ਼ਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।