ਚੰਡੀਗੜ੍ਹ: ਅਸੀਂ ਆਏ ਦਿਨ ਸੜਕ ਹਾਦਸਿਆਂ ਤੇ ਇਨ੍ਹਾਂ ਹਾਦਸਿਆਂ ਕਾਰਨ ਹੋਣ ਵਾਲੇ ਜਾਨੀ ਨੁਕਸਾਨ ਦੀਆਂ ਖ਼ਬਰਾਂ ਪੜ੍ਹਦੇ ਹਾਂ। ਇਨ੍ਹਾਂ ਸੜਕ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਹੈ। ਆਈ ਯੂਨੀਅਨ ਟ੍ਰਾਂਸਪੋਰਟ ਮਨਿਸਟਰੀ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਦੇਸ਼ ਦੀ ਸੜਕਾਂ 'ਤੇ ਪੈਦਲ ਚੱਲਣ ਵਾਲਿਆਂ ਚੋਂ 62 ਰਾਹਗੀਰ ਸੜਕ ਹਾਦਸੇ ਦਾ ਸ਼ਿਕਾਰ ਹੁੰਦੇ ਹਨ। ਇਨ੍ਹਾਂ ਚੋਂ 34 ਤੋਂ 36 ਫੀਸਦੀ ਸੜਕਾਂ 'ਤੇ ਪੈਦਲ ਚੱਲਣ ਵਾਲੇ ਰਾਹਗੀਰ ਹੁੰਦੇ ਹਨ। ਰਿਪੋਰਟ ਦੇ ਮੁਤਾਬਕ ਸਾਲ 2014 ਤੋਂ ਬਾਅਦ ਸੜਕ ਹਾਦਸਿਆਂ 'ਚ 84 ਫੀਸਦੀ ਵਾਧਾ ਹੋਇਆ ਹੈ।
ਚੰਡੀਗੜ੍ਹ ਵਿਖੇ ਰੋਜ਼ਾਨਾ 215 ਨਵੀਂ ਗੱਡੀਆਂ ਰਜਿਸਟਰਡ ਹੁੰਦੀਆਂ ਹਨ। ਸਾਲ 2014 ਤੋਂ 2018 ਤੱਕ ਸੜਕ ਹਾਦਸਿਆਂ 'ਚ ਜਾਨ ਗੁਆਉਣ ਵਾਲੇ ਪੈਦਲ ਰਾਹਗੀਰਾਂ ਦੀ ਗਿਣਤੀ 35.71 ਫੀਸਦੀ ਹੈ।
ਚੰਡੀਗੜ੍ਹ ਦੇ ਟ੍ਰੈਫਿਕ ਸੈਂਟਰ ਦੀ ਡੀਐਸਪੀ ਪਲਕ ਗੋਇਲ ਨੇ ਦੱਸਿਆ ਕਿ ਚੰਡੀਗੜ੍ਹ ਪੁਲੀਸ ਹਮੇਸ਼ਾਂ ਹੀ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਦੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸੜਕ ਸੁਰੱਖਿਆ ਮਹੀਨਾ ਵੀ ਮਨਾਇਆ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਸਮੇਂ -ਸਮੇਂ 'ਤੇ ਕੈਂਪ ਲਗਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ। ਲੋਕਾਂ ਨੂੰ ਸੜਕ ਸੁਰੱਖਿਆ, ਹਾਦਸੇ ਤੋਂ ਬਚਾਅ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਤੇ ਫਰਸਟ ਏਡ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ।
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਹੁੰਦੇ ਨੇ ਸੜਕ ਹਾਦਸੇ
ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜ਼ਿਆਦਾਤਰ ਸੜਕ ਹਾਦਸੇ ਨਿਯਮਾਂ ਦੀ ਉਲੰਘਣਾ, ਤੇਜ਼ ਰਫ਼ਤਾਰ ਤੇ ਨਸ਼ਾ ਕਰਕੇ ਗੱਡੀ ਚਲਾਏ ਜਾਣ ਕਾਰਨ ਵਾਪਰਦੇ ਹਨ। ਉਨ੍ਹਾਂ ਕਿਹਾ ਕਿ ਜਿਥੇ ਇੱਕ ਪਾਸੇ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ, ਉਥੇ ਹੀ ਪੈਦਲ ਚੱਲ਼ਣ ਵਾਲੇ ਰਾਹਗੀਰ ਵੀ ਕਈ ਵਾਰ ਨਿਯਮਾਂ ਨੂੰ ਅਣਦੇਖਾ ਕਰ ਦਿੰਦੇ ਹਨ। ਜਿਸ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲਿਸ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਮੌਕੇ ਟ੍ਰੈਫਿਕ ਮਾਰਸ਼ਲ ਵਿੰਗ ਕਮਾਂਡਰ ਚਰਨਜੀਤ ਸਿੰਘ ਗਰੇਵਾਲ ਨੇ ਦੱਸਿਆ, " ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ 'ਚ ਸੜਕ ਤੇ ਪੈਦਲ ਚੱਲਣ ਵਾਲੇ ਲੋਕਾਂ ਦੀ ਲਾਪਰਵਾਹੀ ਕਾਰਨ ਸੜਕ ਹਾਦਸੇ ਹੋਏ ਹਨ। ਅਜਿਹੇ 'ਚ ਸੜਕ 'ਤੇ ਪੈਦਲ ਚੱਲਣ ਵਾਲੇ ਲੋਕਾਂ ਨੂੰ ਵੀ ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਦੇ ਲਈ ਸ਼ਹਿਰ ਦੀ ਟ੍ਰੈਫਿਕ ਪੁਲਿਸ ਵੱਲੋਂ ਸਖ਼ਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੈਦਲ ਚੱਲਣ ਵਾਲਿਆਂ ਲਈ ਫੁੱਟਪਾਥ ਬਣਾਏ ਗਏ ਹਨ ,ਪਰ ਇਨ੍ਹਾਂ ਲਈ ਓਵਰਬ੍ਰਿਜ ਤਿਆਰ ਕਰਨਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਓਵਰਬ੍ਰਿਜ ਪਾਰ ਕਰਨ ਲਈ ਬਜ਼ੁਰਗ ਰਾਹਗੀਰਾਂ ਨੂੰ ਦਿੱਕਤਾਂ ਆ ਸਕਦੀਆਂ ਹਨ।