ਤਲਵੰਡੀ ਸਾਬੋ: ਕੇਂਦਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਨੂੰ ਕਿਸਾਨ ਵਿਰੋਧੀ ਦੱਸ ਕੇ ਸੰਘਰਸ਼ ਦੇ ਰਾਹ ਪਏ ਕਿਸਾਨਾਂ ਤੋਂ ਬਾਅਦ ਹੁਣ ਨੌਜਵਾਨਾਂ ਨੇ ਨਵਾਂ ਮੋਰਚਾ ਖੋਲ੍ਹ ਦਿੱਤਾ ਹੈ। ਨੌਜਵਾਨਾਂ ਨੇ ਦੇਸ਼ ਦੇ ਵੱਡੇ ਪੂੰਜੀਪਤੀਆਂ ਦੇ ਵਪਾਰਕ ਅਦਾਰਿਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਸੇ ਲੜੀ ਵਿੱਚ ਅੱਜ ਖੇਤੀ ਨਾਲ ਸੰਬਧਤ ਨੌਜਵਾਨਾਂ ਨੇ ਤਲਵੰਡੀ ਸਾਬੋ ਦੇ ਰਿਲਾਇੰਸ ਤੇਲ ਪੰਪ 'ਤੇ ਪੁੱਜ ਕੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕੀਤਾ। ਹਾਲਾਂਕਿ ਪ੍ਰਦਰਸ਼ਨ ਨੂੰ ਦੇਖਦਿਆਂ ਪੰਪ 'ਤੇ ਪੁਲਿਸ ਪਾਰਟੀ ਵੀ ਤਾਇਨਾਤ ਕੀਤੀ ਗਈ ਸੀ।
ਨੌਜਵਾਨਾਂ ਨੇ ਦੋਸ਼ ਲਾਏ ਕਿ ਅੰਬਾਨੀ, ਅਡਾਨੀ ਵਰਗੇ ਪੂੰਜੀਵਾਦੀ ਲੋਕਾਂ ਨੇ ਹੀ ਕੇਂਦਰ ਸਰਕਾਰ ਤੋਂ ਖੇਤੀ ਬਿੱਲ ਪਾਸ ਕਰਵਾਏ ਹਨ ਤਾਂ ਜੋ ਉਹ ਕਿਸਾਨਾਂ ਦੀਆਂ ਜ਼ਮੀਨਾਂ ਹੜੱਪ ਸਕਣ ਪਰ ਉਹ ਹੁਣ ਇਨ੍ਹਾਂ ਵਪਾਰੀਆਂ ਨੂੰ ਹੀ ਝਟਕਾ ਦੇਣ ਦਾ ਮਨ ਬਣਾ ਚੁੱਕੇ ਹਨ।
ਨੌਜਵਾਨਾਂ ਨੇ ਕਿਹਾ ਕਿ ਅਸੀਂ ਰਿਲਾਇੰਸ ਪੰਪਾਂ ਦਾ ਵਿਰੋਧ ਕਰਾਂਗੇ, ਇਸ ਤੋਂ ਇਲਾਵਾ ਜੀਓ ਸਿਮ ਬੰਦ ਕਰਨ ਅਤੇ ਰਿਲਾਇੰਸ ਮਾਲ ਤੋਂ ਸਮਾਨ ਖਰੀਦਣ ਦੇ ਬਾਈਕਾਟ ਦਾ ਵੀ ਲੋਕਾਂ ਨੂੰ ਸੱਦਾ ਦੇਵਾਂਗੇ ਤਾਂ ਜੋ ਇਹੀ ਪੂੰਜੀਪਤੀ ਸਰਕਾਰ 'ਤੇ ਦਬਾਅ ਬਣਾ ਕੇ ਬਿੱਲ ਵਾਪਸ ਕਰਵਾਉਣ।