ਬਠਿੰਡਾ: ਪਾਕਿਸਤਾਨੀ ਨਾਗਰਿਕ ਬਿਲਾਲ ਬੀਤੇ 2 ਸਾਲ ਤੋਂ ਭਾਰਤੀ ਜੇਲ੍ਹ 'ਚ ਬੰਦ ਹੈ। ਆਉਣ ਵਾਲੀ 14 ਜਨਵਰੀ ਨੂੰ ਨਾਬਾਲਗ ਨੂੰ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਭਾਰਤੀ ਫ਼ੌਜ ਨੇ ਨਾਬਾਲਗ ਮੁਬਾਰਕ ਬਿਲਾਲ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਬਿਲਾਲ ਨੂੰ ਜੁਵਨਾਇਲ ਕੋਰਟ ਵਿੱਚ ਰੱਖਿਆ ਗਿਆ। ਅਦਾਲਤ ਨੇ ਮੁਬਾਰਕ ਬਿਲਾਲ ਦੀ ਉਮਰ ਘੱਟ ਅਤੇ ਬੇਕਸੂਰ ਹੋਣ ਕਾਰਨ ਬਰੀ ਕਰ ਦਿੱਤਾ ਸੀ ਪਰ ਫਿਰ ਵੀ ਮੁਬਾਰਕ ਬਿਲਾਲ ਨੂੰ ਨਵੰਬਰ 2018 ਤੋ ਹੁਸ਼ਿਆਰਪੁਰ ਦੀ ਜੇਲ੍ਹ ਵਿੱਚ ਬਿਨ੍ਹਾਂ ਕਿਸੀ ਕਾਰਨ ਕੈਦ ਕਰਕੇ ਰੱਖਿਆ ਗਿਆ ਸੀ।
ਸੀਨੀਅਰ ਵਕੀਲ ਹਰਪਾਲ ਸਿੰਘ ਖਾਰਾ ਨੇ ਕੀਤੀ ਮਦਦ
550 ਸਾਲਾ ਪ੍ਰਕਾਸ਼ ਪੁਰਬ ਮੌਕੇ ਜਦ ਬਠਿੰਡਾ ਦੇ ਸੀਨੀਅਰ ਵਕੀਲ ਹਰਪਾਲ ਸਿੰਘ ਖਾਰਾ ਪਾਕਿਸਤਾਨ ਸ੍ਰੀ ਨਨਕਾਣਾ ਸਾਹਿਬ ਦਰਸ਼ਨਾਂ ਲਈ ਗਏ ਤਾਂ ਉਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਇੱਕ ਪਾਕਿਸਤਾਨੀ ਪੱਤਰਕਾਰ ਨਾਲ ਹੋਈ। ਪੱਤਰਕਾਰ ਨੇ ਹਰਪਾਲ ਸਿੰਘ ਦੇ ਧਿਆਨ 'ਚ ਮੁਬਾਰਕ ਬਿਲਾਲ ਦਾ ਮਾਮਲਾ ਸਾਹਮਣੇ ਰੱਖਿਆ ਤੇ ਉਨ੍ਹਾਂ ਕੋਲੋਂ ਮਦਦ ਦੀ ਮੰਗ ਕੀਤੀ।
ਭਾਰਤ ਵਾਪਸ ਆਉਂਦੇ ਹੀ ਹਰਪਾਲ ਸਿੰਘ ਨੇ ਮੁਬਾਰਕ ਬਿਲਾਲ ਦਾ ਪਤਾ ਲਾਇਆ ਤੇ ਉਸ ਦੀ ਰਿਹਾਈ ਲਈ ਕਈ ਯਤਨ ਕੀਤੇ। ਹਰਪਾਲ ਸਿੰਘ ਵੱਲੋਂ ਇਸ ਦੀ ਜਾਣਕਾਰੀ ਗ੍ਰਹਿ ਮੰਤਰਾਲੇ ਵਿੱਚ ਭੇਜੀ ਗਈ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਗੁਰਪ੍ਰੀਤ ਸਿੰਘ ਸੰਧੂ ਐਡਵੋਕੇਟ ਰਾਹੀਂ ਨੋਟੀਫਿਕੇਸ਼ਨ ਵੀ ਜਾਰੀ ਕਰਵਾਇਆ ਗਿਆ, ਜਿਸ ਤੋਂ ਬਾਅਦ ਹੁਣ ਗ੍ਰਹਿ ਮੰਤਰਾਲਿਆਂ ਵੱਲੋਂ ਆਖ਼ਰਕਾਰ ਮੁਬਾਰਕ ਬਿਲਾਲ ਨੂੰ ਆਪਣੇ ਮੁਲਕ ਪਾਕਿਸਤਾਨ ਭੇਜਣ ਲਈ 14 ਜਨਵਰੀ ਤਰੀਕ ਦਾ ਨੋਟਿਸ ਜਾਰੀ ਕਰ ਦਿੱਤਾ ਹੈ।
ਕੀ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ ਮੁਬਾਰਕ ਬਿਲਾਲ 15-16 ਸਾਲ ਦਾ ਨਾਬਾਲਿਗ ਬੱਚਾ ਹੈ, ਜਿਸ ਦਾ ਘਰ ਪਾਕਿਸਤਾਨ ਭਾਰਤ ਸਰਹੱਦ ਦੇ ਬਿਲਕੁਲ ਨੇੜੇ ਸੀ। ਘਰਦਿਆਂ ਨਾਲ ਗੁੱਸਾ ਹੋ ਕੇ ਬਿਲਾਲ ਗਲਤੀ ਨਾਲ ਭਾਰਤੀ ਸਰਹੱਦ 'ਚ ਦਾਖ਼ਲ ਹੋ ਗਿਆ ਸੀ, ਜਿਸ ਤੋਂ ਬਾਅਦ ਭਾਰਤੀ ਫ਼ੌਜ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ।