ਬਠਿੰਡਾ: ਮਾਨ ਸਰਕਾਰ ਨੇ ਵੱਡੀ ਕਾਰਵਾਈ ਕਰਦੇ ਹੋਏ ਪ੍ਰਾਈਵੇਟ ਟਰਾਂਸਪੋਟਰਾਂ ਨੂੰ ਪਰਮਿਟ ਜਾਰੀ ਕਰਨ ਦੇ ਮਾਮਲੇ ਵਿੱਚ ਬਠਿੰਡਾ ਦੇ ਆਰਟੀਓ ਬਲਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਹ ਕਾਰਵਾਈ ਪੰਜਾਬ ਸਰਕਾਰ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਪਿਛਲੇ ਦਿਨੀਂ ਬਠਿੰਡਾ ਆਰਟੀਓ ਦਫ਼ਤਰ ਵਿੱਚ ਕੀਤੀ ਗਈ ਛਾਪੇਮਾਰੀ ਨਾਲ ਜੋੜ ਕੇ ਵੇਖੀ ਜਾ ਰਹੀ ਹੈ, ਕਿਉਂਕਿ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਮੀਡੀਆ ਸਾਹਮਣੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਟਰਾਂਸਪੋਰਟ ਦਫ਼ਤਰ ਵਿੱਚ ਬੈਠੇ ਰਹਿਣ ਨੂੰ ਲੈ ਕੇ ਸਖਤ ਹਦਾਇਤ ਕੀਤੀ ਸੀ।
ਇਹ ਵੀ ਪੜੋ: ਅਫਸਾਨਾ ਖਾਨ ਦੇ ਭਰਾ ਖੁਦਾ ਬਖਸ਼ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ
ਉਥੇ ਹੀ ਮੰਤਰੀ ਵੱਲੋਂ ਆਰ ਟੀ ਓ ਬਠਿੰਡਾ ਨੂੰ ਵੀ ਰਵਾਇਤੀ ਪਾਰਟੀਆਂ ਦੇ ਕਲਚਰ ਨੂੰ ਛੱਡਣ ਦੀ ਚਿਤਾਵਨੀ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਬਠਿੰਡਾ ਦੇ ਆਰਟੀਓ ਦਫ਼ਤਰ ਵਿੱਚ ਜਿਸ ਦਿਨ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਉਸ ਦਿਨ ਪ੍ਰਾਈਵੇਟ ਟਰਾਂਸਪੋਰਟ ਆਰਟੀਓ ਦਫ਼ਤਰ ਵਿੱਚ ਬੈਠੇ ਸਨ।
ਦੱਸ ਦਈਏ ਕਿ ਬਰਖਾਸਤੀ ਨੋਟਿਸ ਵਿੱਚ ਲਿਖਿਆ ਗਿਆ ਹੈ ਕਿ ਬਲਵਿੰਦਰ ਸਿੰਘ, ਪੀਪੀਐਸ, ਸਕੱਤਰ, ਰਿਜਨਲ ਟਰਾਂਸਪੋਰਟ ਅਥਾਰਟੀ, ਬਠਿੰਡਾ ਨੂੰ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਨਿਯਮਾਂਵਲੀ, 1970 ਦੇ ਨਿਯਮ 4(1)(ਏ) ਅਧੀਨ ਤੁਰੰਤ ਪ੍ਰਭਾਵ ਤੋਂ ਮੁਅੱਤਲ ਕੀਤਾ ਜਾਂਦਾ ਹੈ।
2. ਮੁਅੱਤਲੀ ਸਮੇਂ ਦੌਰਾਨ ਉਸਨੂੰ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ, ਜਿਲਦ-1, ਭਾਗ-1 ਦੇ ਨਿਯਮ 7.2 ਅਧੀਨ ਦਰਸਾਈਆਂ ਸ਼ਰਤਾਂ ਅਨੁਸਾਰ ਗੁਜਾਰਾ ਭੱਤਾ ਮਿਲੇਗਾ।
3. ਮੁਅੱਤਲੀ ਸਮੇਂ ਦੌਰਾਨ ਇਸ ਅਧਿਕਾਰੀ ਦਾ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਹੋਵੇਗਾ। ਅਧਿਕਾਰੀ ਸਕੱਤਰ, ਪ੍ਰਸੋਨਲ ਦੀ ਪ੍ਰਵਾਨਗੀ ਬਿਨ੍ਹਾਂ ਹੈਡਕੁਆਰਟਰ ਨਹੀਂ ਛੱਡੇਗਾ।
ਇਹ ਵੀ ਪੜੋ: ਭ੍ਰਿਸ਼ਟਾਚਾਰੀ ਮਾਮਲਾ: ਰਿਮਾਂਡ ਤੋਂ ਬਾਅਦ ਡਾ. ਵਿਜੇ ਸਿੰਗਲਾ ਨੂੰ ਅੱਜ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼
ਆਰਟੀਓ ਬਲਵਿੰਦਰ ਸਿੰਘ ਨੂੰ ਮੁਅੱਤਲ ਕਰਨ ਦੀ ਖੁਸ਼ੀ ਵਿੱਚ ਪਟਿਆਲਾ ਦੇ ਬੱਸ ਅੱਡੇ ਵਿੱਚ ਬੱਸ ਚਾਲਕਾਂ ਵੱਲੋਂ ਲੱਡੂ ਵੰਡੇ ਗਏ।