ਬਠਿੰਡਾ : ਸ਼ਹਿਰ 'ਚ ਪੁਲਿਸ ਮੁਲਾਜ਼ਮਾਂ ਦੀ ਧੱਕੇਸ਼ਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਥਾਣਾ ਸਿਵਲ ਲਾਈਨਜ਼ ਦੇ ਐਸਐਚਓ ਸਣੇ ਹੋਰਨਾਂ ਕਈ ਪੁਲਿਸ ਮੁਲਾਜ਼ਮਾਂ ਉੱਤੇ ਇੱਕ ਲੜਕੀ ਜਬਰਨ ਜੇਲ੍ਹ 'ਚ ਰੱਖਣ ਦੇ ਦੋਸ਼ ਲੱਗੇ ਹਨ। ਪੀੜਤਾ ਦੇ ਵਕੀਲ ਵੱਲੋਂ ਇਸ ਮਾਮਲੇ 'ਚ ਡਿਊਟੀ ਮੈਜਿਸਟ੍ਰੇਟ ਕੋਲ ਪਟੀਸ਼ਨ ਦਾਖਲ ਕੀਤੀ ਗਈ ਹੈ।
ਇਸ ਮਾਮਲੇ ਬਾਰੇ ਦੱਸਦੇ ਹੋਏ ਪੀੜਤਾ ਦੇ ਵਕੀਲ ਡਾ. ਰਾਓ ਪੀਐਸ ਗਿਰਵਰ ਨੇ ਦੱਸਿਆ ਕਿ ਥਾਣਾ ਸਿਵਲ ਲਾਈਨ ਦੇ ਐਸਐਚਓ ਤੇ ਹੋਰਨਾਂ ਮੁਲਾਜ਼ਮਾਂ ਵੱਲੋਂ ਉਸ ਨੂੰ ਜਬਰਨ ਥਾਣੇ ਲਿਜਾਇਆ ਗਿਆ। ਪੁਲਿਸ ਮੁਲਾਜ਼ਮਾਂ ਵੱਲੋਂ ਪੀੜਤਾ ਦੇ ਖਿਲਾਫ ਝੂਠਾ ਪਰਚਾ ਦਰਜ ਕਰ ਦੇਰ ਰਾਤ ਤੱਕ ਉਸ ਨੂੰ ਜਬਰਨ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਥੋੜੇ ਸਮੇਂ ਪਹਿਲੇ ਪੀੜਤ ਲੜਕੀ ਦੇ ਨਾਲ ਜਬਰ ਜਨਾਹ ਦੀ ਘਟਨਾ ਵਾਪਰੀ ਸੀ। ਇਹ ਮਾਮਲਾ ਥਾਣਾ ਕੇਨਾਲ ਬਠਿੰਡਾ ਵਿੱਚ ਦਰਜ ਹੈ। ਜਬਰ ਜਨਾਹ ਮਾਮਲੇ 'ਚ ਮੁਲਜ਼ਮ ਨੂੰ ਧਾਰਾ 376 ਤਹਿਤ ਕਾਰਵਾਈ ਕਰ ਜੇਲ੍ਹ ਭੇਜ ਦਿੱਤਾ ਗਿਆ ਹੈ, ਪਰ ਇਸ ਦੇ ਬਾਵਜੂਦ ਮੁਲਜ਼ਮ ਪੱਖ ਵੱਲੋਂ ਪੀੜਤਾ ਨੂੰ ਕੇਸ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ।
ਇਸੇ ਤਹਿਤ ਮੁਲਜ਼ਮ ਦੇ ਨੇੜਲੇ ਰਿਸ਼ਤੇਦਾਰ ਨੇ ਪੀੜਤਾ ਦੇ ਪੱਖ ਦੇ ਮੁੱਖ ਗਵਾਹ ਨੂੰ ਸੱਦ ਕੇ ਉਸ ਨਾਲ ਕੁੱਟਮਾਰ ਕੀਤੀ ਗਈ ਤੇ ਉਸ ਨੂੰ ਪੀੜਤਾ ਨਾਲ ਸਮਝੌਤਾ ਕਰਵਾਉਣ ਲਈ ਦਬਾਅ ਪਾਇਆ। ਇਸ ਸਬੰਧ 'ਚ ਪੀੜਤਾ ਨੂੰ ਸਿਵਲ ਲਾਈਨ ਥਾਣੇ 'ਚ ਬੁਲਾਇਆ ਗਿਆ। ਜਿਵੇਂ ਹੀ ਉਹ ਥਾਣੇ ਪਹੁੰਚੀ ਤੇ ਉਸ 'ਤੇ ਝੂਠਾ ਕੇਸ ਦਰਜ ਕਰ ਉਸ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ। ਇਸ ਘਟਨਾ ਦਾ ਵੀਡੀਓ ਵੀ ਵਾਇਰਲ ਹੋਈ ਹੈ।
ਐਡਵੋਕੇਟ ਰਾਓ ਨੇ ਦੱਸਿਆ ਕਿ ਸ਼ੋਸ਼ਲ ਮੀਡੀਆ ਉੱਤੇ ਪੁਲਿਸ ਵੱਲੋਂ ਪੀੜਤਾ ਨੂੰ ਜਬਰਨ ਜੇਲ੍ਹ ਲਿਜਾਏ ਜਾਣ ਦੀ ਵੀਡੀਓ ਵਾਇਰਲ ਹੋਈ ਹੈ। ਉਨ੍ਹਾਂ ਨੇ ਇਸ ਮਾਮਲੇ 'ਚ ਐਸਐਚਓ ਸਣੇ ਹੋਰਨਾਂ ਪੁਲਿਸ ਮੁਲਾਜ਼ਮਾਂ ਵਿਰੁੱਧ ਡਿਊਟੀ ਮੈਜਿਸਟ੍ਰੇਟ (ਡਿਪਟੀ ਕਮਿਸ਼ਨਰ, ਬਠਿੰਡਾ) ਕੋਲ ਪਟੀਸ਼ਨ ਦਾਖਲ ਕੀਤੀ ਹੈ। ਇਸ ਤੋਂ ਇਲਾਵਾ ਇਸ ਮਾਮਲੇ ਦੀ ਸ਼ਿਕਾਇਤ ਮਹਿਲਾ ਕਮਿਸ਼ਨ ਦਿੱਲੀ ਵਿਖੇ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੀੜਤਾ ਨਾਲ ਪੁਲਿਸ ਦਾ ਅਜਿਹਾ ਵਿਵਹਾਰ ਗ਼ਲਤ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਹੀ ਮੁਲਜ਼ਮਾਂ ਦਾ ਪੱਖ ਲਵੇਗੀ ਤਾਂ ਪੀੜਤ ਲੋਕਾਂ ਨੂੰ ਇਸ ਕਿੰਝ ਮਿਲੇਗਾ। ਉਨ੍ਹਾਂ ਜਲਦ ਹੀ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।