ਬਠਿੰਡਾ : ਇਸ ਵਾਰ ਨਰਮੇ ਦੀ ਫ਼ਸਲ ਵੱਧੀਆ ਹੋਣ ਕਾਰਨ ਕਿਸਾਨ ਬੇਹਦ ਖੁਸ਼ ਸਨ ਪਰ ਜਦੋਂ ਉਹ ਨਰਮੇ ਦੀ ਫਸਲ ਵੇਚਣ ਲਈ ਮੰਡੀਆਂ ਵਿੱਚ ਪੁੱਜੇ ਤਾਂ ਇਥੇ ਨਰਮੇ ਦੀ ਸਰਕਾਰੀ ਖ਼ਰੀਦ ਨਾ ਹੋਣ ਕਾਰਨ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਬਣਦਾ ਮੁੱਲ ਨਹੀਂ ਮਿਲੀਆ। ਇਸ ਕਾਰਨ ਨਾਰਾਜ਼ ਕਿਸਾਨਾਂ ਨੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।
ਕੇਂਦਰ ਸਰਕਾਰ ਦੇ ਅਧੀਨ ਸੀਸੀਆਈ ਵਿਭਾਗ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵੱਲੋਂ ਨਰਮੇ ਦੀ ਖ਼ਰੀਦ ਅਤੇ ਰੇਟ ਨੂੰ ਲੈ ਕੇ ਸੀਸੀਆਈ ਵਿਭਾਗ ਦੇ ਬਾਹਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ।
ਈਟੀਵੀ ਭਾਰਤ ਨਾਲ ਆਪਣੀ ਪਰੇਸ਼ਾਨੀ ਸਾਂਝੀ ਕਰਦਿਆਂ ਸੀਸੀਆਈ ਵਿਭਾਗ ਦੇ ਬਾਹਰ ਧਰਨੇ ਤੇ ਬੈਠੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਨਰਮੇ ਦੀ ਖ਼ਰੀਦ ਨਹੀਂ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਨਰਮੇ ਦੀ ਫ਼ਸਲ ਦਾ ਸਰਕਾਰੀ ਮੁੱਲ 5500 ਰੁਪਏ ਤੈਅ ਕੀਤਾ ਗਿਆ ਹੈ ਪਰ ਉਨ੍ਹਾਂ ਨੂੰ ਮਜਬੂਰਨ ਆਪਣੀ ਫ਼ਸਲ ਆੜਤੀਆਂ ਨੂੰ ਘੱਟ ਕੀਮਤ ਉੱਤੇ ਵੇਚਣੀ ਪੈ ਰਹੀ ਹੈ। ਦੂਜੇ ਪਾਸੇ ਪ੍ਰਾਈਵੇਟ ਵਪਾਰੀ ਨਰਮੇ ਨੂੰ ਮਹਿਜ਼ 4500 ਤੋਂ 4700 ਰੁਪਏ ਵਿੱਚ ਖ਼ਰੀਦ ਰਹੇ ਹਨ ਉਹ ਸਰਕਾਰੀ ਮੁੱਲ ਦੇਣ ਲਈ ਤਿਆਰ ਨਹੀਂ ਹਨ। ਕਿਸਾਨਾਂ ਨੇ ਕਿਹਾ ਕਿ ਸਰਕਾਰੀ ਖ਼ਰੀ ਦਾ ਨਾ ਹੋਣ ਕਾਰਨ ਉਨ੍ਹਾਂ ਨੂੰ ਆਪਣੀ ਫਸਲ ਘੱਟ ਕੀਮਤ ਵਿੱਚ ਵੇਚਣੀ ਪੈ ਰਹੀ ਹੈ।
ਇਹ ਵੀ ਪੜ੍ਹੋ :550 ਸਾਲਾ ਪ੍ਰਕਾਸ਼ ਪੁਰਬ: ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ 4 ਰੋਜ਼ਾ ਪੁਸਤਕ ਮੇਲੇ ਦਾ ਆਯੋਜਨ
ਸੂਬਾ ਸਰਕਾਰ ਤੋਂ ਨਾਰਾਜ਼ ਕਿਸਾਨਾਂ ਵੱਲੋਂ ਸੀਸੀਆਈ ਕੇਂਦਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਇਸ ਵਾਰ ਉਨ੍ਹਾਂ ਨੂੰ ਨਰਮੇ ਦੀ ਫ਼ਸਲ ਦਾ ਚੰਗਾ ਮੁੱਲ ਮਿਲੇਗਾ। ਸੂਬਾ ਸਰਕਾਰ ਵੱਲੋਂ ਨਰਮੇ ਦੀ ਸਰਕਾਰੀ ਕੀਮਤ ਘੱਟ ਤੈਅ ਕੀਤੀ ਗਈ ਹੈ ਅਤੇ ਦੂਜੇ ਪਾਸੇ ਅਜੇ ਤੱਕ ਸਰਕਾਰੀ ਤੌਰ 'ਤੇ ਨਰਮੇ ਦੀ ਖ਼ਰੀਦ ਸ਼ੁਰੂ ਨਹੀਂ ਹੋ ਸਕੀ ਹੈ। ਇਸ ਬਾਰੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਨਰਲ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਨੇ ਕਿਸਾਨਾਂ ਦੀ ਪਰੇਸ਼ਾਨੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸਬੰਧ ਦੇ ਵਿੱਚ ਉਨ੍ਹਾਂ ਦੀ ਸੀਸੀਆਈ ਦੇ ਏਜੀਐੱਮ ਦੇ ਨਾਲ ਵੀ ਗੱਲਬਾਤ ਹੋਈ ਹੈ ਪਰ ਉਹ ਮੀਟਿੰਗ ਬੇਸਿੱਟਾ ਰਹੀ ਹੈ। ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਸੀਸੀਆਈ ਵਿਭਾਗ ਦੇ ਬਾਹਰ ਧਰਨਾ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸੀਸੀਆਈ ਵੱਲੋਂ ਨਰਮੇ ਦੀ ਖ਼ਰੀਦਦਾਰੀ ਨਹੀਂ ਹੁੰਦੀ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਸਹੀ ਮੁੱਲ੍ਹ ਨਹੀਂ ਮਿਲਦਾ ਇਹ ਧਰਨਾ ਲਗਾਤਾਰ ਜਾਰੀ ਰਹੇਗਾ।