ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁਜੇ ਸ਼ਰਧਾਲੂਆਂ ਨੇ ਵੀ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦਾ ਸਮਰਥਨ ਕੀਤਾ ਹੈ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨਾਂ ਦੇ ਵਿਰੋਧ 'ਚ ਪਿਛਲੇ 1 ਮਹੀਨੇ ਤੋਂ ਦਿੱਲੀ ਵਿਖੇ ਪੰਜਾਬ,ਹਰਿਆਣਾ ਅਤੇ ਹੋਰ ਰਾਜਾਂ ਦੇ ਕਿਸਾਨ ਮੋਰਚਾ ਖੋਲ੍ਹੀ ਬੈਠੇ ਹਨ। ਇਸ ਕਿਸਾਨੀ ਸੰਘਰਸ਼ ਨੂੰ ਦੇਸ਼ ਵਿਦੇਸ਼ ਦੇ ਹਰ ਵਰਗਾਂ ਵੱਲੋਂ ਪੂਰਨ ਸਹਿਯੋਗ ਮਿਲ ਰਿਹਾ ਹੈ।
ਕਿਸਾਨਾਂ ਮਾਰੂ ਹਨ ਇਹ ਖੇਤੀ ਕਾਨੂੰਨ
ਹਰਿਮੰਦਰ ਸਾਹਿਬ ਦਰਸ਼ਨਾਂ ਲਈ ਪੁੱਜੇ ਸ਼ਰਧਾਲੂਆਂ ਨੇ ਕਿਹਾ ਕਿ ਇਹ ਕਾਨੂੰਨ ਕਿਸਾਨ ਮਾਰੂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਬਦੌਲਤ ਹੀ ਅਸੀਂ ਜਿਉਂਦੇ ਹਾਂ, ਕਿਸਾਨ ਆਪਣੇ ਖੇਤਾਂ ਵਿੱਚ ਕਣਕ, ਚੌਲ, ਦਾਲਾਂ, ਸਬਜ਼ੀਆਂ ਆਦਿ ਪੈਦਾ ਕਰਦਾ ਹੈ। ਜੇ ਕਿਸਾਨ ਹੀ ਨਹੀਂ ਹੋਵੇਗਾ ਤਾਂ ਆਮ ਲੋਕਾਂ ਦਾ ਜੀਵਨ ਮੁਸ਼ਕਲ ਵਿੱਚ ਆ ਜਾਵੇਗਾ।
ਜੰਮੂ ਤੋਂ ਪੂਜੇ ਸ਼ਰਧਾਲੂਆਂ ਨੇ ਕੀਤੀ ਖੇਤੀ ਕਾਨੂੰਨਾਂ ਦੀ ਨਿੰਦਾ
ਜੰਮੂ ਤੋਂ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਪੁੱਜੀ ਲੜਕੀ ਨੇ ਕਿਹਾ ਕਿ ਇਹ ਖੇਤੀ ਕਾਨੂੰਨ ਗਲਤ ਹਨ, ਉਹ ਇਨ੍ਹਾਂ ਕਾਨੂੰਨਾਂ ਦੀ ਨਿੰਦਾ ਕਰਦੀ ਹੈ। ਇਹ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਨਹੀਂ ਹਨ। ਮੋਦੀ ਸਰਕਾਰ ਨੇ ਇਹ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਫਾਇਦੇ ਲਈ ਬਣਾਏ ਹਨ। ਸਾਰੇ ਦੇਸ਼ ਵਾਸਿਆਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੇ ਇਸ ਅੰਦੋਲਨ ਵਿੱਚ ਵੱਧ ਚੜ ਕੇ ਭਾਗ ਲੈਣਾ ਚਾਹੀਦਾ ਹੈ।
ਮੋਦੀ ਨੂੰ ਸ਼ਰਧਾਲੂਆਂ ਦੀ ਨਸੀਅਤ
ਸ਼ਰਧਾਲੂਆਂ ਨੇ ਮੋਦੀ ਸਰਕਾਰ ਨੂੰ ਨਸੀਅਤ ਦਿੱਤੀ ਹੈ ਕਿ ਉਹ ਸਿੱਖ ਕੌਮ ਦੀ ਸ਼ਕਤੀ ਨੂੰ ਸਮਝਣ, ਮੋਦੀ ਸਰਕਾਰ ਨੂੰ ਸਿੱਖ ਕੌਮ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਜੋ ਵੀ ਸੰਘਰਸ਼ ਸਿੱਖ ਸ਼ੁਰੂ ਕਰਦੇ ਹਨ ਉਹ ਜਿੱਤ ਕੇ ਹੀ ਘਰ ਮੁੜਦੇ ਹਨ।