ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਖੂਨੀ ਵਾਰਦਾਤਾਂ ਹਰ ਦਿਨ ਸਾਹਮਣੇ ਆ ਰਹੀਆਂ ਹਨ। ਬੀਤੀ ਰਾਤ ਅੰਮ੍ਰਿਤਸਰ 'ਚ ਬੇਰੀ ਗੇਟ ਇਲਾਕੇ ਵਿੱਚ ਇਕ ਕਾਰ ਚਾਲਕ ਵਲੋਂ ਇਕ ਈ ਰਿਕਸ਼ਾ ਚਾਲਕ ਦੇ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਖ਼ਮੀ ਈ-ਰਿਕਸ਼ਾ ਚਾਲਕ ਸਾਹਿਲ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਦੂਜੇ ਪਾਸੇ, ਕਾਰ ਚਾਲਕ ਗੋਲੀ ਮਾਰ ਕੇ ਫ਼ਰਾਰ ਹੋ ਗਿਆ ਜਿਸ ਦੀ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਦਰਅਸਲ ਈ-ਰਿਕਸ਼ਾ ਚਾਲਕ ਸਾਹਿਲ ਦਾ ਕਹਿਣਾ ਹੈ ਕਿ ਉਹ 4 ਸਵਾਰੀਆਂ ਨਾਲ ਬੇਰੀ ਗੇਟ ਇਲਾਕੇ 'ਚੋਂ ਲੰਘ ਰਿਹਾ ਸੀ। ਪਿੱਛੇ ਤੋਂ ਇਕ ਤੇਜ਼ ਰਫਤਾਰ ਕਾਰ ਨੇ ਆ ਕੇ ਉਸ ਦੇ ਈ-ਰਿਕਸ਼ਾ ਨੂੰ ਓਵਰਟੇਕ ਕਰ ਲਿਆ, ਜਿਸ ਵਿਚ ਕਾਰ ਦੀ ਟੱਕਰ ਹਲਕੀ ਜਿਹੀ ਈ-ਰਿਕਸ਼ਾ ਨਾਲ ਵੀ ਹੋ ਗਈ। ਇਸ ਤੋਂ ਬਾਅਦ ਈ-ਰਿਕਸ਼ਾ ਚਾਲਕ ਨੇ ਡਰਾਈਵਰ ਨੂੰ ਇਸ਼ਾਰਾ ਕੀਤਾ ਕਿ ਜੇਕਰ ਹੁਣ ਕੋਈ ਹਾਦਸਾ ਵਾਪਰ ਜਾਂਦਾ ਤਾਂ, ਫਿਰ ਇਸ ਦਾ ਜ਼ਿੰਮੇਵਾਰ ਕੌਣ ਹੁੰਦਾ।
ਇਸ ਨੂੰ ਲੈ ਕੇ ਕਾਰ ਡਰਾਈਵਰ ਤੇ ਈ-ਰਿਕਸ਼ਾ ਚਾਲਕ ਵਿਚਾਲੇ ਬਹਿਸ ਹੋ ਗਈ। ਫਿਰ ਉਸ ਨੇ ਕਾਰ 'ਚੋਂ ਹੀ ਰਿਵਾਲਵਰ ਕੱਢ ਕੇ ਗੋਲੀ ਚਲਾ ਦਿੱਤੀ। ਇਸ 'ਚ ਰਿਕਸ਼ਾ ਚਾਲਕ ਨੂੰ ਮੌਕੇ 'ਤੇ ਹੀ ਗੋਲੀ ਲੱਗ ਗਈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਹੁਣ ਉਸ ਦਾ ਇਲਾਜ ਚੱਲ ਰਿਹਾ ਹੈ। ਈ-ਰਿਕਸ਼ਾ ਚਾਲਕ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਾਈ ਹੈ।
ਦੂਜੇ ਪਾਸੇ, ਪੁਲਿਸ ਅਧਿਕਾਰੀਆਂ ਨੇ ਮੌਕੇ ਉੱਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ। ਪੁਲਿਸ ਵੱਲੋਂ ਗੋਲੀ ਚਲਾਉਣ ਵਾਲੇ ਦਾ ਪਤਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਵੀਡੀਓ ਵਾਇਰਲ ਹੋਣ ਤੋਂ ਬਾਅਦ ਮਰਸਡੀਜ਼ ਵਿੱਚ ਕਣਕ ਲੈਣ ਪਹੁੰਚੇ ਵਿਅਕਤੀ ਦਾ ਬਿਆਨ ਆਇਆ ਸਾਹਮਣੇ