ਅੰਮ੍ਰਿਤਸਰ: ਅੰਮ੍ਰਿਤਸਰ ਦੇ ਹੰਸਾਲੀ ਬਾਜ਼ਾਰ 'ਚ ਚਾਹ ਦੀ ਦੁਕਾਨ ਚਲਾ ਰਹੀ ਮਹਿਲਾ ਦੇ ਬੈਂਕ ਖਾਤੇ 'ਚ 41 ਲੱਖ ਰੁਪਏ ਆ ਗਏ, ਜੋ ਬਾਅਦ 'ਚ ਕਢਵਾ ਵੀ ਲਏ ਗਏ। ਮਹਿਲਾ ਬੈਂਕ ਦੇ ਬਾਹਰ ਚਾਹ ਦੀ ਦੁਕਾਨ ਚਲਾ ਰਹੀ ਹੈ। ਜਿਸ ਦੇ ਚੱਲਦਿਆਂ ਉਸਦੀ ਬਣਾਈ ਚਾਹ ਬੈਂਕ 'ਚ ਵੀ ਜਾਂਦੀ ਸੀ। ਇਸ ਦੇ ਚੱਲਦਿਆਂ ਬੈਂਕ ਮੈਨੇਜਰ ਵਲੋਂ ਚਾਹ ਦੇ ਪੈਸੇ ਬੈਂਕ ਖਾਤੇ 'ਚ ਪਾਉਣ ਦੀ ਗੱਲ ਕਰਦਿਆਂ ਉਸਦਾ ਖਾਤਾ ਖੋਲ੍ਹ ਦਿੱਤਾ ਗਿਆ। ਮਹਿਲਾ ਨੂੰ ਉਸ ਨਾਲ ਹੋਈ ਧੋਖਾਧੜੀ ਦਾ ਉਸ ਸਮੇਂ ਪਤਾ ਚੱਲਿਆ ਜਦੋਂ ਇਨਕਮ ਟੈਕਸ ਵਿਭਾਗ ਵਲੋਂ ਮਹਿਲਾ ਨੂੰ ਟੈਕਸ ਜਮ੍ਹਾਂ ਕਰਵਾਉਣ ਲਈ 68 ਹਜ਼ਾਰ ਦਾ ਨੋਟਿਸ ਭੇਜਿਆ ਗਿਆ।
ਮਹਿਲਾ ਦਾ ਕੀ ਕਹਿਣਾ ?
ਇਸ ਸਬੰਧੀ ਮਹਿਲਾ ਦਾ ਕਹਿਣਾ ਕਿ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ। ਜਿਸ ਕਾਰਨ ਘਰ ਖਰਚ ਚਲਾਉਣ ਲਈ ਉਹ ਚਾਹ ਦੀ ਦੁਕਾਨ ਚਲਾ ਰਹੀ ਹੈ। ਮਹਿਲਾ ਨੇ ਦੱਸਿਆ ਕਿ ਬੈਂਕ 'ਚ ਉਸਦੀ ਚਾਹ ਜਾਂਦੀ ਸੀ ਤਾਂ ਉਸ ਸਮੇਂ ਮੈਂਨੇਜਰ ਨੇ ਉਸਦੀ ਚਾਹ ਦੇ ਖਾਤੇ 'ਚ ਪਾਉਣ ਨੂੰ ਲੈਕੇ ਬੈਂਕ 'ਚ ਖਾਤਾ ਖੋਲ੍ਹ ਦਿੱਤਾ। ਉਨ੍ਹਾਂ ਦੱਸਿਆ ਕਿ ਉਸਦੇ ਖਾਤੇ 'ਚ 41 ਲੱਖ ਦੀ ਰਕਮ ਪਾਈ ਗਈ, ਜੋ ਬਾਅਦ 'ਚ ਕਢਵਾ ਵੀ ਲਈ ਗਈ। ਉਨ੍ਹਾਂ ਦੱਸਿਆ ਕਿ ਇਸ ਸਭ ਦਾ ਉਨ੍ਹਾਂ ਨੂੰ ਇਨਕਮ ਟੈਕਸ ਦੇ ਨੋਟਿਸ ਤੋਂ ਬਾਅਦ ਪਤਾ ਚੱਲਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈਕੇ ਉਨ੍ਹਾਂ ਕਾਫ਼ੀ ਮੁਸ਼ੱਕਤ ਕੀਤੀ ਅਤੇ ਡੀ.ਸੀ ਦਫ਼ਤਰ ਵੀ ਸ਼ਿਕਾਇਤ ਦਰਜ ਕਰਵਾਈ ਗਈ। ਮਹਿਲਾ ਦਾ ਕਹਿਣਾ ਕਿ ਦਸ ਸਾਲ ਬਾਅਦ ਉਕਤ ਬੈਂਕ ਮੈਨੇਜਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਦਾ ਕੀ ਕਹਿਣਾ ?
ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਸ ਸਮੇਂ ਦੇ ਬੈਂਕ ਮੈਨੇਜਰ ਹਰੀਸ਼ ਤਨੇਜਾ ਵਲੋਂ ਮਹਿਲਾ ਨਾਲ ਧੋਖਾਧੜੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਉਕਤ ਬੈਂਕ ਮੈਨੇਜਰ ਦਾ ਕਸੂਰ ਸਾਹਮਣੇ ਆਇਆ ਹੈ। ਜਿਸ ਕਾਰਨ ਉਨ੍ਹਾਂ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਇਨਕਮ ਟੈਕਸ ਵਿਭਾਗ ਆਪਣੇ ਪੱਧਰ 'ਤੇ ਕਾਰਵਾਈ ਕਰ ਰਿਹਾ ਹੈ। ਪੁਲਿਸ ਦਾ ਕਹਿਣਾ ਕਿ ਉਕਤ ਮਾਮਲੇ 'ਚ ਜਾਂਚ ਤੇਜ਼ ਕਰਕੇ ਜਲਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ, ਅਤੇ ਪਤਾ ਕੀਤਾ ਜਾਵੇਗਾ ਕਿ ਮੈਨੇਜਰ ਵਲੋਂ ਵਰਤੇ ਗਏ ਪੇਸੇ ਕਿਥੋਂ ਆਏ ਸੀ।
ਇਹ ਵੀ ਪੜ੍ਹੋ:ਸੰਪੂਰਨ ਕ੍ਰਾਂਤੀ ਦਿਵਸ: ਦੇਸ਼ ਭਰ 'ਚ ਕਿਸਾਨ ਸਾੜਨਗੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ