ਅੰਮ੍ਰਿਤਸਰ: 2 ਸਾਲਾ ਫ਼ਤਿਹਵੀਰ ਦੀ ਮੌਤ ਮਗਰੋਂ ਪੰਜਾਬਭਰ 'ਚ ਲੋਕ ਸਰਕਾਰ ਖਿਲਾਫ਼ ਵਿਰੋਧ ਕਰ ਰਹੇ ਹਨ। ਇਸ ਦੁਖਦ ਮੌਕੇ 'ਚ ਸੂਬੇ ਦੇ ਕਈ ਆਗੂ ਅਪਣਾ ਦੁੱਖ ਪ੍ਰਗਟ ਕਰ ਰਹੇ ਹਨ। ਇਸ ਦੌਰਾਨ ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਗ ਨੇ ਫਤਿਹਵੀਰ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਹੈ, ਤੇ ਸਰਕਾਰ ਦੀ ਕਾਰਜਪ੍ਰਣਾਲੀ ਤੇ ਸਵਾਲ ਚੁੱਕੇ ਹਨ।
ਚੁਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਲਈ ਸਿਧੇ ਤੌਰ ਤੇ ਜਿੰਮੇਵਾਰ ਹਨ। ਸਰਕਾਰ ਦੀ ਘਟੀਆ ਕਾਰਜਸ਼ੈਲੀ ਨਾਲ ਬੱਚੇ ਦੀ ਜਾਨ ਗਈ ਹੈ। ਚੁੱਗ ਨੇ ਸਵਾਲ ਖੜਾ ਕੀਤਾ ਕਿ ਸੈਨਾ ਦੀ ਮਦਦ ਪਹਿਲਾ ਕਿਉਂ ਨਹੀਂ ਲਈ ਗਈ। ਚੁੱਗ ਨੇ ਕਿਹਾ ਕਿ ਇਹ ਮਾਨਵਤਾ ਦਾ ਕਤਲ ਹੈ ਅਤੇ ਇਸ ਲਈ ਫ਼ਤਿਹਵੀਰ ਦੇ ਦੋਸ਼ੀਆ ਉੱਪਰ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਬਠਿੰਡਾ ਦੇ ਮੋੜ ਮੰਡੀ ਤੋਂ 'ਆਪ' ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਵੀ ਫ਼ਤਿਹਵੀਰ ਦੀ ਮੌਤ 'ਤੇ ਅਪਣਾ ਦੁਖ ਪ੍ਰਗਟ ਕੀਤਾ, ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।