ਅੰਮ੍ਰਿਤਸਰ: ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਕੰਮ ਕਰਦੀ ਨਰਸ ਦੀ ਭੇਤ-ਭਰੀ ਹਾਲਤ ’ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਤਰਨ ਤਾਰਨ ਦੇ ਖੇਮਕਰਨ ਦੀ ਰਹਿਣ ਵਾਲੀ ਜੋਤੀ ਨਾਮ ਦੀ ਨਰਸ ਦੀ ਭੇਦਭਰੇ ਹਲਾਤ ਵਿੱਚਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਜੋਤੀ ਦੀ ਮੌਤ ਨੂੰ ਕਤਲ ਦੱਸਿਆ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।
ਮ੍ਰਿਤਕਾ ਦੀ ਭੈਣ ਵੀਨਸ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੀ ਭੈਣ ਪਿਛਲੇ ਦੋ ਸਾਲਾਂ ਤੋਂ ਇੱਥੇ ਪ੍ਰਾਈਵੇਟ ਹਸਪਤਾਲ ਵਿੱਚ ਕੰਮ ਕਰ ਰਹੀ ਸੀ ਅਤੇ ਗ੍ਰੀਨ ਫੀਲਡ ਇਲਾਕੇ ਵਿੱਚ ਇੱਕ ਪੇਇੰਗ ਗੈਸਟ ਵਜੋਂ ਰਹਿ ਰਹੀ ਸੀ। ਉਸ ਦੀ ਮੌਤ ਦੇਰ ਰਾਤ ਨੂੰ ਹੋਈ ਅਤੇ ਇਸ ਦਾ ਪਤਾ ਸਵੇਰੇ ਲਗਿਆ ਜਿਸ ਤੋਂ ਬਾਅਦ ਪਰਿਵਾਰ ਇੱਥੇ ਪੁੱਜਾ। ਉਨ੍ਹਾਂ ਦੱਸਿਆ ਕਿ ਉਸ ਦੀ ਲਾਸ਼ ਨੇੜਿਓਂ ਇੱਕ ਖਾਲੀ ਸੀਰਿੰਜ ਵੀ ਮਿਲੀ ਹੈ ਅਤੇ ਪੈਰਾਂ 'ਤੇ ਸੱਟਾਂ ਦੇ ਨਿਸ਼ਾਨ ਵੀ ਸਨ। ਉਨ੍ਹਾਂ ਦੋਸ਼ ਲਾਇਆ ਕਿ ਇੰਝ ਲੱਗਦਾ ਹੈ ਕਿ ਜਿਵੇਂ ਕੋਈ ਜ਼ਹਿਰੀਲਾ ਟੀਕਾ ਲਾਇਆ ਗਿਆ ਹੋਵੇ। ਉਨ੍ਹਾਂ ਨੇ ਪੀਜੀ ਮਾਲਕ ਨੂੰ ਜੋਤੀ ਦੀ ਮੌਤ ਲਈ ਜਿੰਮੇਵਾਰ ਦੱਸਿਆ।
ਇਸੇ ਨਾਲ ਹੀ ਪੀੜਤ ਪਰਿਵਾਰ ਦੀ ਮਦਦ ਲਈ ਬਿਸ਼ਪ ਸੁਮਤਾ ਦਾਸ ਵੀ ਪਹੁੰਚੇ ਹਨ। ਉਨ੍ਹਾਂ ਕਿਹਾ ਪੀੜਤ ਪਰਿਵਾਰ ਨੂੰ ਹਰ ਹਾਲ ਵਿੱਚ ਇਨਸਾਫ਼ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਜੋਤੀ ਦੀ ਮੌਤ ਬਹੁਤ ਸ਼ੱਕੀ ਹਲਾਤ ਵਿੱਚ ਹੋਈ ਹੈ ਅਤੇ ਪੁਲਿਸ ਨੂੰ ਇਸ ਦੀ ਜਲਦ ਜਾਂਚ ਕਰਨੀ ਚਾਹੀਦੀ ਹੈ।
ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਜਿਨ੍ਹਾਂ ਵਿੱਚ ਗੁਰਪ੍ਰੀਤ ਸਿੰਘ, ਸੰਜੇ ਸ਼ਰਮਾ, ਕੀਰਤੀ ਸ਼ਰਮਾ ਅਤੇ ਮੁਨੀਸ਼ ਕੁਮਾਰ ਦੇ ਨਾਂ ਸ਼ਾਮਲ ਹਨ। ਇਸ ਬਾਰੇ ਪੁਲਿਸ ਅਧਿਕਾਰੀ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਫਿਲਹਾਲ ਧਾਰਾ 304 ਏ ਹੇਠ ਕੇਸ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਜੋਤੀ ਦਾ ਮੋਬਾਈਲ ਅਤੇ ਲਾਸ਼ ਕੋਲੋਂ ਮਿਲੀ ਸਰਿੰਜ ਕਬਜ਼ੇ ਵਿੱਚ ਲੈ ਲਈ ਗਈ ਹੈ ਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।