ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਸ ਸਮੇਂ ਹਲਚਲ ਮਚ ਗਈ ਜਦੋਂ ਡਾਇਰੈਕਟਰ ਨੂੰ ਸਿੰਗਾਪੁਰ ਤੋਂ ਆਉਣ ਵਾਲੀ ਫਲਾਈਟ 'ਚ ਬੰਬ ਹੋਣ ਦੀ ਸੂਚਨਾ ਮਿਲੀ। ਡਾਇਰੈਕਟਰ ਨੇ ਤੁਰੰਤ ਸੁਰੱਖਿਆ ਨੂੰ ਅਲਰਟ ਕਰ ਦਿੱਤਾ।
ਇਸ ਤੋਂ ਬਾਅਦ ਅਨਾਊਂਸਮੈਂਟ ਕਰਵਾਈ ਅਤੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਸ਼ਾਮ 6.40 'ਤੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਨ ਵਾਲੀ ਸਕੂਟ ਫਲਾਈਟ ਨੰਬਰ ਟੀ.ਆਰ.-509 ਨੂੰ ਉਤਰਦੇ ਹੀ ਘੇਰ ਲਿਆ ਗਿਆ। ਦੇਰ ਰਾਤ ਤੱਕ ਫਲਾਈਟ 'ਚ ਤਲਾਸ਼ੀ ਮੁਹਿੰਮ ਚੱਲਦੀ ਰਹੀ। ਤਲਾਸ਼ੀ ਦੌਰਾਨ ਕੁਝ ਵੀ ਨਹੀਂ ਮਿਲਿਆ ਅਤੇ ਦੇਰ ਰਾਤ ਫਲਾਈਟ ਦੁਬਾਰਾ ਸਿੰਗਾਪੁਰ ਲਈ ਰਵਾਨਾ ਹੋ ਗਈ।
ਡਾਇਰੈਕਟਰ ਨੂੰ ਦਫਤਰੀ ਨੰਬਰ 'ਤੇ ਆਇਆ ਫੋਨ: ਇਸ ਤੋਂ ਬਾਅਦ ਅੰਦਾਜ਼ਾ ਲਗਾਇਆ ਗਿਆ ਕਿ ਕਿਸੇ ਨੇ ਫਰਜ਼ੀ ਕਾਲ ਕਰਕੇ ਇਹ ਅਫਵਾਹ ਫੈਲਾਈ ਹੈ। ਪੁਲਿਸ ਹੁਣ ਫੋਨ ਕਾਲ ਕਰਨ ਵਾਲੇ ਦੀ ਭਾਲ ਕਰ ਰਹੀ ਹੈ। ਏਅਰਪੋਰਟ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਸ਼ਾਮ ਨੂੰ ਡਾਇਰੈਕਟਰ ਵੀਕੇ ਸੇਠ ਨੂੰ ਦਫਤਰ ਦੇ ਨੰਬਰ 'ਤੇ ਕਾਲ ਆਈ। ਫੋਨ ਕਰਨ ਵਾਲੇ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਨ ਵਾਲੇ ਜਹਾਜ਼ ਵਿਚ ਬੰਬ ਹੈ।
ਯਾਤਰੀਆਂ ਅਤੇ ਸਮਾਨ ਦੀ ਲਈ ਤਲਾਸ਼ੀ: ਇਸ ਤੋਂ ਬਾਅਦ ਏਅਰਪੋਰਟ ਡਾਇਰੈਕਟਰ ਨੇ ਸੀ.ਆਈ.ਐਸ.ਐਫ. ਨੂੰ ਇਸ ਦੀ ਜਾਣਕਾਰੀ ਦਿੱਤੀ। ਸੀਆਈਐਸਐਫ ਦੀ ਐਂਟੀ-ਸੈਬੋਟੇਜ ਟੀਮ ਹਰਕਤ ਵਿੱਚ ਆ ਗਈ ਅਤੇ ਜਿਵੇਂ ਹੀ ਸ਼ਾਮ 6.40 ਵਜੇ ਫਲਾਈਟ ਲੈਂਡ ਹੋਈ, ਤਲਾਸ਼ੀ ਸ਼ੁਰੂ ਕਰ ਦਿੱਤੀ ਗਈ। ਸੁਰੱਖਿਆ ਲਈ ਡਾਗ ਸਕੁਐਡ ਟੀਮ ਬੁਲਾਈ ਗਈ। ਵਿਸ਼ੇਸ਼ ਯੰਤਰ ਵੀ ਲਿਆਂਦਾ ਗਿਆ ਸੀ ਤਾਂ ਜੋ ਜਹਾਜ਼ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਸਕੇ। ਸੀਆਈਐਸਐਫ ਟੀਮ ਵਲੋਂ ਫਲਾਈਟ ਨੂੰ ਰਨਵੇ ਦੇ ਇੱਕ ਪਾਸੇ ਖੜ੍ਹਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਯਾਤਰੀਆਂ ਨੂੰ ਸੁਰੱਖਿਅਤ ਉਤਾਰਿਆ ਗਿਆ। ਜਿਸ ਤੋਂ ਬਾਅਦ ਯਾਤਰੀਆਂ ਅਤੇ ਉਨ੍ਹਾਂ ਦੇ ਸਮਾਨ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਗਈ।
9 ਵਜੇ ਯਾਤਰੀਆਂ ਨੂੰ ਦਿੱਤੀ ਗਈ ਕਲੀਅਰੈਂਸ: ਹਰ ਚੀਜ਼ ਅਤੇ ਵਿਅਕਤੀ ਦੀ ਤਲਾਸ਼ੀ ਲੈਣ ਤੋਂ ਬਾਅਦ ਰਾਤ 9 ਵਜੇ ਤੱਕ ਸੀਆਈਐਸਐਫ ਦੀ ਟੀਮ ਨੇ ਸਾਰੇ 283 ਯਾਤਰੀਆਂ ਅਤੇ ਚਾਲਕ ਦਲ ਦੇ 12 ਮੈਂਬਰਾਂ ਨੂੰ ਕਲੀਅਰੈਂਸ ਦੇ ਦਿੱਤੀ ਅਤੇ ਉਹ ਆਪਣੇ ਘਰਾਂ ਲਈ ਰਵਾਨਾ ਹੋ ਗਏ। ਇਸ ਤੋਂ ਬਾਅਦ ਵੀ ਸੀਆਈਐਸਐਫ ਦੇ ਜਵਾਨ ਦੇਰ ਰਾਤ ਤੱਕ ਫਲਾਈਟ ਦੀ ਚੈਕਿੰਗ ਕਰਦੇ ਰਹੇ। ਫਲਾਈਟ ਨੇ ਸ਼ਾਮ 7.40 ਵਜੇ ਸਿੰਗਾਪੁਰ ਲਈ ਦੁਬਾਰਾ ਉਡਾਣ ਭਰਨੀ ਸੀ ਪਰ ਉਸ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ। ਅੰਮ੍ਰਿਤਸਰ ਤੋਂ ਸਿੰਗਾਪੁਰ ਜਾਣ ਵਾਲੇ ਯਾਤਰੀਆਂ ਨੂੰ ਏਅਰਪੋਰਟ ਦੇ ਅੰਦਰ ਹੀ ਬਿਠਾਇਆ ਗਿਆ।
ਪੰਜਾਬ ਪੁਲਿਸ ਅਤੇ ਸਾਈਬਰ ਸੈੱਲ ਹੋਏ ਸਰਗਰਮ: ਦੇਰ ਰਾਤ ਸੁਰੱਖਿਆ ਜਾਂਚ ਤੋਂ ਬਾਅਦ 12 ਵਜੇ ਫਲਾਈਟ ਨੂੰ ਸਿੰਗਾਪੁਰ ਲਈ ਦੁਬਾਰਾ ਰਵਾਨਾ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਅਤੇ ਸਾਈਬਰ ਸੈੱਲ ਦੋਵੇਂ ਸਰਗਰਮ ਹੋ ਗਏ। ਜਿਸ ਨੰਬਰ ਤੋਂ ਡਾਇਰੈਕਟਰ ਨੂੰ ਕਾਲ ਆਈ ਸੀ, ਉਸ ਨੰਬਰ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਕਾਲ ਕਰਨ ਵਾਲੇ ਦਾ ਪਤਾ ਲਗਾਇਆ ਜਾ ਸਕੇ। ਇਸ ਦੇ ਨਾਲ ਹੀ ਭਵਿੱਖ 'ਚ ਅਜਿਹੀਆਂ ਫਰਜ਼ੀ ਕਾਲਾਂ ਨੂੰ ਟਰੇਸ ਕਰਨ ਦੀ ਯੋਜਨਾ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਵੱਲੋਂ ਯੋਗ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਤਿੰਨ ਮੈਂਬਰੀ ਕੈਬਨਿਟ ਕਮੇਟੀ ਦਾ ਗਠਨ