ਅੰਮ੍ਰਿਤਸਰ: ਕੋਰੋਨਾ ਕਾਰਨ ਲੱਗੇ ਲੌਕਡਾਊਨ 'ਚ ਦੇਸ਼ ਭਰ ਦੇ ਲੋਕ ਫਸੇ ਹੋਏ ਹਨ। ਅਜਿਹੇ 'ਚ ਸੂਬਾ ਸਰਕਾਰਾਂ ਵੱਲੋਂ ਲੋਕਾਂ ਨੂੰ ਆਪੋਂ ਆਪਣੇ ਘਰਾਂ 'ਚ ਪਹੁੰਚਾਉਣ ਦਾ ਕੰਮ ਤਾਂ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਉਹ ਆਪਣੀ ਇਸ ਕੋਸ਼ਿਸ਼ 'ਚ ਪੂਰੀ ਤਰ੍ਹਾਂ ਨਾਲ ਸਫ਼ਲ ਨਹੀਂ ਹੋਏ ਹਨ। ਸਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ 'ਚ ਦਰਸ਼ਨਾਂ ਲਈ ਆਏ ਸ਼ਰਧਾਲੂ ਪਿਛਲੇ 20 ਮਾਰਚ ਤੋਂ ਉਥੇ ਫਸੇ ਹੋਏ ਹਨ। ਇਹ ਸ਼ਰਧਾਲੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਰਾਵਾਂ ਵਿੱਚ ਠਹਿਰੇ ਹੋਏ ਹਨ।
ਈਟੀਵੀ ਭਾਰਤ ਵੱਲੋਂ ਸਰਾਂ ਵਿੱਚ ਰਹਿ ਰਹੇ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਝਾਰਖੰਡ ਦੇ ਟਾਟਾ ਨਗਰ ਦੇ ਰਹਿਣ ਵਾਲੇ ਹਨ। ਸ਼ਰਧਾਲੂਆਂ ਨੇ ਦੱਸਿਆ ਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਵਿੱਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਇਥੇ ਉਨ੍ਹਾਂ ਨੂੰ ਰਹਿਣ ਤੇ ਰੋਟੀ ਖਾਣ-ਪੀਣ ਦੀ ਵੀ ਕੋਈ ਮੁਸ਼ਕਿਲ ਨਹੀਂ ਆ ਰਹੀ ਪਰ ਉਹ ਆਪਣੇ ਘਰ ਜਾਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਘਰ ਜਾਣਾ ਹੈ, ਕਿਉਂਕਿ ਉਨ੍ਹਾਂ ਨਾਲ ਬਜ਼ੁਰਗ ਅਤੇ ਬੱਚੇ ਹਨ।
ਉਨ੍ਹਾਂ ਦੱਸਿਆ ਕਿ ਇੱਕ ਟ੍ਰੇਨ ਝਾਰਖੰਡ ਗਈ ਸੀ ਪਰ ਉਨ੍ਹਾਂ ਦਾ ਨਾਂਅ ਜਾਣ ਵਾਲਿਆਂ ਦੀ ਸੂਚੀ ਵਿੱਚ ਨਹੀਂ ਆਇਆ। ਟਾਟਾ ਨਗਰ ਦੇ ਹੀ ਇੱਕ ਹੋਰ ਸ਼ਰਧਾਲੂ ਨੇ ਦੱਸਿਆ ਕਿ ਨਾ ਤਾਂ ਸਾਡੀ ਪੰਜਾਬ ਸਰਕਾਰ ਸੁਣਦੀ ਹੈ ਤੇ ਨਾ ਹੀ ਝਾਰਖੰਡ ਸਰਕਾਰ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰੈੱਡ ਕਰਾਸ ਸੰਸਥਾ ਨਾਲ ਵੀ ਸੰਪਰਕ ਕੀਤਾ ਪਰ ਕੋਈ ਵੀ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨਾਲ ਗੱਲ ਕਰਨੀ ਚਾਹੀ ਪਰ ਉਹ ਫੋਨ ਨਹੀਂ ਚੁੱਕ ਰਹੇ ਅਤੇ ਟਰੇਨ ਦੀ ਕੋਈ ਜਾਣਕਾਰੀ ਨਹੀਂ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਲਗਭਗ 25 ਪਰਿਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਰਾਵਾਂ ਵਿੱਚ ਰਹਿ ਰਹੇ ਹਨ।