ਅੰਮ੍ਰਿਤਸਰ: ਪੰਥਕ ਤਾਲਮੇਲ ਸੰਗਠਨ ਦੇ ਆਗੂਆਂ ਵੱਲੋਂ ਪੱਤਰਕਾਰ ਵਾਰਤਾ ਕੀਤੀ ਗਈ। ਇਸ ਮੌਕੇ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ) ਨੇ ਕਿਹਾ ਕਿ ਪਹਿਲੀ ਗੱਲ ਸਪੱਸ਼ਟ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ "ਗੋਬਿੰਦ ਰਾਮਾਇਣ" ਦੀ ਰਚਨਾ ਨਹੀਂ ਕੀਤੀ। ਇਸ ਗੱਲ ਨੂੰ ਉਹ ਨਕਾਰਦੇ ਹਨ।
ਦੂਜਾ ਉਨ੍ਹਾਂ ਕਿਹਾ ਕਿ ਸਾਬਕਾ ਜਥੇਦਾਰ ਇਕਬਾਲ ਸਿੰਘ ਨੇ ਕਿਹਾ ਸਿੱਖ ਲਵ ਕੁਸ਼ ਦੀ ਔਲਾਦ ਹਨ। ਇਸ 'ਤੇ ਉਨ੍ਹਾਂ ਕਿਹਾ ਕਿ ਸਿੱਖ ਸਿਰਫ਼ ਅਕਾਲ ਪੁਰਖ ਦੀ ਸੰਤਾਨ ਹਨ ਨਾ ਕਿਸੇ ਲਵ ਦੀ ਤੇ ਨਾ ਹੀ ਕਿਸੇ ਕੁਸ਼ ਦੀ।
ਸਵਾਲ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ "ਗੋਬਿੰਦ ਰਮਾਇਣ" ਵਾਲੀ ਗੱਲ ਕਿਉਂ ਕੀਤੀ ?
ਉੱਤਰ: ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਲੋਕਾਂ ਵਿੱਚ ਪ੍ਰਭਾਵ ਪਾਉਣ ਲਈ ਸਾਰੀਆਂ ਰਮਾਇਣਾਂ ਦੀ ਗੱਲ ਰਾਮ ਦੀ ਪ੍ਰੋੜਤਾ ਲਈ ਕੀਤੀ ਗਈ ਤਾਂ ਜੋ ਰਾਮ ਛੋਟਾ ਨਾ ਪੈ ਜਾਵੇ, ਇਨ੍ਹਾਂ ਗੱਲਾਂ ਦਾ ਸਹਾਰਾ ਲੈ ਕੇ ਰਾਮ ਨੂੰ ਵੱਡਾ ਸਾਬਤ ਕੀਤਾ ਜਾਵੇ।
ਸਵਾਲ: ਕੀ ਪੀਐਮ ਨਰਿੰਦਰ ਮੋਦੀ ਦੇ ਬਿਆਨ ਨੂੰ ਹਿੰਦੂ ਰਾਸ਼ਟਰ ਵਜੋਂ ਦੇਖ ਰਹੇ ਹੋ?
ਉੱਤਰ: ਉਨ੍ਹਾਂ ਕਿਹਾ ਕਿ ਇਹ ਜਿਹੜਾ ਉਨ੍ਹਾਂ ਦੇ ਦਿਮਾਗ ਵਿੱਚ ਮਿੱਥ ਚੱਲ ਰਹੀ ਹੈ ਕਿ ਅਸੀਂ ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਨ ਕਰਨਾ ਹੈ, ਇਹ ਦੇਸ਼ ਦੇ ਸੰਵਿਧਾਨ ਨਾਲ ਧੋਖਾ ਹੈ। ਇਸ ਲਈ ਇਹ ਦੇਸ਼ ਨਾ ਹਿੰਦੂ ਹੈ ਨਾ ਪਹਿਲਾਂ ਸੀ ਤੇ ਨਾ ਕਦੇ ਅੱਗੇ ਹੋਵੇਗਾ। ਸਾਡਾ ਦੇਸ਼ ਰਾਸ਼ਟਰ ਨਹੀਂ ਹੈ, ਇੱਥੇ ਸੰਘੀ ਢਾਂਚਾ ਹੈ, ਇੱਥੇ ਸੂਬਿਆਂ ਦੀ ਸਰਕਾਰ ਬਣਦੀ ਹੈ। ਭਾਰਤ ਵਾਸੀਆਂ ਨੂੰ ਸਿਰਫ਼ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸੂਬਿਆਂ ਦਾ ਦੇਸ਼ ਹੈ ਅਤੇ ਇੱਥੇ ਸਿੱਧੀ ਸਰਕਾਰ ਦਾ ਸੰਵਿਧਾਨ ਨਹੀਂ।
ਸਵਾਲ: ਪੀਐਮ ਨਰਿੰਦਰ ਮੋਦੀ ਨੇ ਜੋ ਬਿਆਨ ਦਿੱਤਾ, ਉਸ ਦੀ ਪੁਸ਼ਟੀ ਸਾਡੇ ਧਾਰਮਿਕ ਸਰੋਤ ਵੀ ਕਰਦੇ ਹਨ ?
ਉੱਤਰ: ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਅਸੀਂ ਮੰਨ ਰਹੇ ਹਾਂ ਕਿ ਸਾਡਾ ਬਹੁਤ ਸਾਰਾ ਇਤਿਹਾਸ ਰਲਗੱਡ ਹੈ, ਅਸੀਂ ਫੈਸਲਾ ਨਹੀਂ ਕੀਤਾ ਕਿ ਗੁਰੂ ਕ੍ਰਿਤ ਇਤਿਹਾਸ ਕਿਹੜਾ ਹੈ ਤੇ ਬੇਕ੍ਰਿਤ ਕਿਹੜਾ?
ਪੰਥ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਬਿਨਾਂ ਵਕਤ ਗਵਾਏ ਸਾਨੂੰ ਫੈਸਲਾ ਕਰਨਾ ਪਵੇਗਾ ਅਤੇ ਕੌਮ ਨੂੰ ਜਵਾਬ ਦੇਣਾ ਪਵੇਗਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਦੁਬਿਧਾ ਨਾ ਹੋਵੇ, ਜੋ ਅੱਜ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬਿਨਾਂ ਦੇਰੀ ਕੌਮ ਦੇ ਸਾਹਮਣੇ ਸੱਚੇ/ਝੂਠੇ ਇਤਿਹਾਸ ਬਾਰੇ ਨਿਤਾਰਾ ਕਰਨਾ ਚਾਹੀਦਾ ਹੈ।
ਸਵਾਲ: ਇਕਬਾਲ ਸਿੰਘ ਅਕਸਰ ਸਿੱਖੀ ਸਿਧਾਤਾਂ ਬਾਰੇ ਗ਼ਲਤ ਟਿੱਪਣੀਆਂ ਕਰਦੇ ਰਹਿੰਦੇ ਹਨ ?
ਉੱਤਰ: ਉਨ੍ਹਾਂ ਕਿਹਾ ਕਿ ਇਕਬਾਲ ਸਿੰਘ ਨੇ ਇਹ ਪਹਿਲੀ ਟਿੱਪਣੀ ਨਹੀਂ ਕੀਤੀ ਸਗੋਂ ਪਹਿਲਾਂ ਵੀ ਉਹ ਕਈ ਵਾਰ ਗਲਤ ਬੋਲ ਕੇ ਮੁਆਫ਼ੀ ਮੰਗ ਕੇ ਫਿਰ ਉਸੇ ਰਾਹ 'ਤੇ ਚੱਲ ਪੈਂਦੇ ਹਨ। ਉਨ੍ਹਾਂ ਕਿਹਾ ਕਿ ਇਕਬਾਲ ਸਿੰਘ ਆਰਐਸਐਸ ਦਾ ਇੱਕ ਨੁਮਾਇੰਦਾ ਹੈ, ਜੋ ਪੈਸੇ ਲੈ ਕੇ ਸਿੱਖੀ ਸਿਧਾਂਤਾਂ ਦੇ ਖਿਲਾਫ ਬੋਲਦਾ ਹੈ।
ਅਸੀਂ ਉਸ ਨੂੰ 5 ਸਾਲ ਪਹਿਲਾਂ ਪਟਨਾ ਸਾਹਿਬ ਮਿਲਣ ਗਏ ਤਾਂ ਉਹ 3 ਦਿਨ ਸਾਨੂੰ ਮਿਲਿਆ ਨਹੀਂ ਅਤੇ ਸਾਨੂੰ ਪ੍ਰੇਸ਼ਾਨ ਕਰਨ ਲਈ ਪੁਲਿਸ ਅਤੇ ਖੁਫੀਆ ਏਜੰਸੀਆਂ ਦਾ ਸਹਾਰਾ ਲਿਆ ਤੇ ਇਕਬਾਲ ਸਿੰਘ ਦੀ ਥਾਂ ਵਕੀਲ ਗੁਰਚਰਨ ਸਿੰਘ ਲਾਂਬਾ ਆਇਆ।
ਸਿੱਖਾਂ ਦੀ ਪਛਾਣ 'ਤੇ ਹਮਲਾ: ਵਕੀਲ ਜਸਵਿੰਦਰ ਸਿੰਘ
ਹਿੰਦੂ ਰਾਸ਼ਟਰ ਦੇ ਸਵਾਲ ਦੇ ਜਵਾਬ ਵਿੱਚ ਵਕੀਲ ਜਸਵਿੰਦਰ ਸਿੰਘ ਨੇ ਕਿਹਾ ਕਿ ਸਿੱਖਾਂ ਦੀ ਪਛਾਣ 'ਤੇ ਇਹ ਪਹਿਲਾ ਹਮਲਾ ਨਹੀਂ। ਜਦੋਂ ਕਾਹਨ ਸਿੰਘ ਨਾਭਾ ਨੇ "ਹਮ ਹਿੰਦੂ ਨਹੀਂ" ਕਿਤਾਬ ਲਿਖੀ ਤਾਂ ਇਸ ਦਾ ਮਤਲਬ ਇਹ ਹੈ ਕਿ ਉਨ੍ਹਾਂ ਨੂੰ ਇਹ ਲਿਖਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਉਦੋਂ ਵੀ ਸਿੱਖਾਂ ਦੀ ਪਛਾਣ ਉੱਪਰ ਹਮਲਾ ਕੀਤਾ ਗਿਆ ਸੀ।
ਇਸ ਲਈ ਭਾਈ ਕਾਹਨ ਸਿੰਘ ਨਾਭਾ ਨੇ ਇਸ ਦਾ ਜਵਾਬ ਦੇਣ ਲਈ ਇਹ ਕਿਤਾਬ ਲਿਖੀ। ਉਨ੍ਹਾਂ ਕਿਹਾ ਕਿ ਜਦੋਂ ਵੀ ਸਮੇਂ-ਸਮੇਂ 'ਤੇ ਸਿੱਖਾਂ ਦੇ ਖਿਲਾਫ਼ ਗਲਤ ਟਿੱਪਣੀਆਂ/ਗੱਲਾਂ ਹੁੰਦੀਆਂ ਤਾਂ ਸੰਸਥਾਵਾਂ ਜਵਾਬ ਦਿੰਦੀਆਂ ਆਈਆਂ ਹਨ। ਕਈ ਵਾਰ ਘੱਟ ਗਿਣਤੀ ਕਮਿਸ਼ਨ ਨੂੰ ਵੀ ਆਰਐਸਐਸ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਕਿਹਾ ਕਿ "ਸਿੱਖ ਵੱਖਰੀ ਕੌਮ" ਹੈ।
ਵਕੀਲ ਜਸਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਕਿ ਅਸੀਂ ਵੱਖਰੇ ਹਾਂ ਕਿਉਂਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਘਟਨਾ ਤੋਂ ਸਪਸ਼ਟ ਹੋ ਗਿਆ ਕਿ ਸਿੱਖ ਹਿੰਦੂ ਨਹੀਂ।