ਅੰਮ੍ਰਿਤਸਰ : 13 ਅਪ੍ਰੈਲ ਸਾਲ 1919 ਨੂੰ ਜਲ੍ਹਿਆਂਵਾਲਾ ਬਾਗ ਵਿਖੇ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ‘ਚ ਕੇਂਦਰ ਸਰਕਾਰ ਖਿਲਾਫ਼ ਰੋਸ ਵੱਧਦਾ ਜਾ ਰਿਹਾ ਹੈ। ਇਨ੍ਹਾਂ ਪਰਿਵਾਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਜਲ੍ਹਿਆਂਵਾਲਾ ਬਾਗ ਨੂੰ ਖੋਲਣ ਦੀ ਮੰਗ ਕੀਤੀ ਹੈ।
ਪੀੜਤ ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਕੇ ਸ਼ਰਧਾਂਜਲੀ ਦਿੱਤੀ ਜਾਵੇ ਤੇ ਉਨ੍ਹਾਂ ਦੀ ਆਤਮਿਕ ਸਾਂਤੀ ਲਈ ਅਰਦਾਸ ਕੀਤੀ ਜਾਵੇ। ਸ਼ਹੀਦਾਂ ਦੇ ਪਰਿਵਾਰਾਂ ਨੇ ਦੱਸਿਆ ਕਿ ਜਦ ਉਹ ਇਸ ਸਾਕੇ ਦੇ 102 ਸਾਲ ਪੂਰੇ ਹੋਣ ਤੇ ਆਪਣੇ ਪਰਿਵਾਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ ਤਾਂ ਜਲ੍ਹਿਆਂਵਾਲਾ ਬਾਗ ਬੰਦ ਸੀ, ਜਿਸ ਕਾਰਨ ਉਹ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਨਹੀਂ ਦੇ ਸਕੇ।
ਸ਼ਹੀਦਾਂ ਨੂੰ ਸ਼ਰਧਾਂਜਲੀ ਨਾ ਦੇਣਾ ਅਪਮਾਨ
ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡੇ ਦੇਸ਼ ਦੀਆਂ ਸਰਕਾਰਾਂ ਲਈ ਬਹੁਤ ਹੀ ਮੰਦਭਾਗੀ ਗੱਲ ਹੈ , ਕਿ ਉਹ ਆਪਣੇ ਸ਼ਹੀਦਾਂ ਦਾ ਸਨਮਾਨ ਨਹੀਂ ਕਰਦੀਆਂ। ਉਨ੍ਹਾਂ ਵੱਲੋਂ ਸ਼ਹੀਦੀ ਸਮਾਰਕ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਨਾ ਦੇ ਕੇ ਅਪਮਾਨ ਕੀਤਾ ਜਾ ਰਿਹਾ ਹੈ। ਬੀਤੇ ਸਾਲ ਵੀ ਕੇਂਦਰ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਚਲਦੇ ਦੇਸ਼ 'ਚ ਭਰ ਚ ਲੌਕਡਾਊਨ ਲਾਇਆ ਸੀ। ਜਿਸ ਕਾਰਨ ਉਹ ਸ਼ਹੀਦਾਂ ਨੂੰ ਸ਼ਰਧਾਂਜਲੀ ਨਹੀਂ ਭੇਂਟ ਕਰ ਸਕੇ ਤੇ ਇਸ ਦੇ ਚਲਦੇ ਉਨ੍ਹਾਂ ਦੇ ਪਰਿਵਾਰਾਂ 'ਚ ਨਿਰਾਸ਼ਾ ਦਾ ਮਾਹੌਲ ਹੈ।
ਸ਼ਹੀਦਾਂ ਨੂੰ ਨਹੀਂ ਮਿਲਿਆ ਬਣਦਾ ਮਾਣ-ਸਨਮਾਨ
ਪੀੜਤ ਪਰਿਵਾਰਾਂ ਨੇ ਕਿਹਾ ਚੋਣਾਂ ਦੇ ਦੌਰਾਨ ਹਰ ਵਾਰ ਜਲ੍ਹਿਆਂਵਾਲਾ ਬਾਗ ਸਿਆਸਤ ਦਾ ਮੁੱਦਾ ਰਹਿੰਦਾ ਹੈ। ਇੱਕ ਪਾਸੇ ਤਾਂ ਸਰਕਾਰ ਜਲ੍ਹਿਆਂਵਾਲੇ ਬਾਗ ਦੀ ਸਾਂਭ ਸੰਭਾਲ ਤੇ ਨਵੀਨੀਕਰਨ ਲਈ ਕਰੋੜਾਂ ਰੁਪਏ ਖ਼ਰਚ ਰਹੀ ਹੈ, ਪਰ ਉਥੇ ਹੀ ਦੂਜੇ ਪਾਸੇ ਜਲ੍ਹਿਆਂਵਾਲੇ ਬਾਗ ਸਾਕੇ 'ਚ ਜਾਨਾਂ ਗੁਆਉਣ ਵਾਲੇ ਲੋਕਾਂ ਨੂੰ ਪੂਰਨ ਤੋਂ ਸ਼ਹੀਦ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ਹੀਦ ਪਰਿਵਾਰਾਂ ਦਾ ਦਰਜਾ ਨਹੀਂ ਦਿੱਤਾ ਗਿਆ ਤੇ ਨਾਂ ਹੀ ਉਨ੍ਹਾਂ ਦਾ ਬਣਦਾ ਸਨਮਾਨ ਦਿੱਤਾ ਗਿਆ। ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਸਰਕਾਰਾਂ ਨੂੰ ਆਪਣੇ ਦੇਸ਼ ਦੀ ਆਜ਼ਾਦੀ ਲਈ ਜਾਨਾਂ ਗੁਆਉਣ ਵਾਲਿਆਂ ਨੂੰ ਵਿਸਾਰਨਾਂ ਨਹੀਂ ਚਾਹੀਦਾ। ਉਨ੍ਹਾਂ ਸਰਕਾਰ ਕੋਲੋਂ ਸ਼ਹੀਦ ਲਈ ਮਾਨ ਸਨਮਾਨ ਤੇ ਪਰਿਵਾਰਾਂ ਨੂੰ ਸ਼ਹੀਦ ਪਰਿਵਾਰ ਦਾ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ ਤਾਂ ਜੋ ਉਹ ਆਪਣੀ ਨੌਜਵਾਨ ਪੀੜੀ ਨੂੰ ਸ਼ਹੀਦਾਂ ਦੇ ਇਤਿਹਾਸ ਤੋਂ ਜਾਣੂ ਕਰਵਾ ਸਕਣ