ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 6 ਜੂਨ ਨੂੰ ਤਾਰਾ ਨੀਲਾ ਸਾਕਾ ਦੀ ਬਰਸੀ ਮੌਕੇ ਪੱਤਰਕਾਰ ਵੱਲੋਂ ਪੁੱਛੇ ਗਏ ਖ਼ਾਲਿਸਤਾਨ ਦੀ ਮੰਗ ਦੇ ਸਵਾਲ ਦੇ ਜਵਾਬ ਵਿੱਚ "ਹਾਂ" ਦਾ ਹੁੰਗਾਰਾ ਭਰਿਆ ਸੀ। ਇਸ ਤੋਂ ਬਾਅਦ ਜਥੇਦਾਰ ਨੇ ਆਪਣੇ ਉਸ ਬਿਆਨ ਤੋਂ ਜ਼ਰਾ ਹੱਟ ਕੇ ਬਿਆਨ ਦਿੱਤਾ ਹੈ। ਇਸ ਬਿਆਨ ਨੂੰ ਲੈ ਕੇ ਸਿੱਖ ਸਿਆਸਤ ਵਿੱਚ ਕਾਫੀ ਚਰਚਾ ਹੋ ਰਹੀ ਹੈ। ਇਸੇ ਦੌਰਾਨ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਅਕਾਲ ਪੁਰਖ ਕੀ ਫੌਜ ਦੇ ਮੁਖੀ ਐਡਵੋਕੇਟ ਜਸਵਿੰਦਰ ਸਿੰਘ ਨੇ ਕਿਹਾ ਕਿ ਜਥੇਦਾਰ ਨੇ ਆਪਣੇ ਦੂਜੇ ਬਿਆਨ ਰਾਹੀਂ ਪਹਿਲਾਂ ਵਾਲੇ ਬਿਆਨ ਨੂੰ ਸੰਤੁਲਤ ਕਰਨ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਕਿਹਾ ਕਿ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਖ਼ਾਲਿਸਤਾਨ ਵਾਲਾ ਬਿਆਨ ਉਨ੍ਹਾਂ ਦਾ ਪ੍ਰਾਇਮ ਨਹੀਂ ਸੀ ਸਗੋਂ ਪੱਤਰਕਾਰ ਵੱਲੋਂ ਪੁੱਛੇ ਸਵਾਲ ਦਾ ਜਵਾਬ ਸੀ। ਉਨ੍ਹਾਂ ਕਿਹਾ ਕਿ ਦੂਜਾ ਬਿਆਨ ਜਥੇਦਾਰ ਵੱਲੋਂ ਸੰਤੁਲਤ ਲਿਆਉਣ ਲਈ ਦਿੱਤਾ ਗਿਆ ਹੈ। ਕਿਉਂਕਿ ਕੁਝ ਸਿਆਸੀ ਧਿਰਾਂ ਖ਼ਾਲਿਸਤਾਨ ਦੇ ਪੱਖ ਵਿਚ ਸਨ ਤੇ ਕੁਝ ਇਸ ਦੇ ਖਿਲਾਫ਼ ਸਨ, ਇਸ ਲਈ ਜਥੇਦਾਰ ਸਾਹਿਬ ਵੱਲੋਂ "ਬੈਲੇਂਸ" ਬਣਾਉਣ ਲਈ ਇਹ ਬਿਆਨ ਦਿੱਤਾ ਗਿਆ ਹੈ।
ਐਡਵੋਕੇਟ ਜਸਵਿੰਦਰ ਸਿੰਘ ਨੇ ਕਿਹਾ ਕਿ ਜਥੇਦਾਰ ਸਾਹਿਬ ਨੂੰ ਹਮੇਸ਼ਾ ਆਪਣੀ ਲਿਖਤੀ "ਸਟੇਟਮੈਂਟ" ਦੇਣੀ ਚਾਹੀਦੀ ਹੈ ਅਤੇ ਅਚਨਚੇਤ ਪੁੱਛੇ ਸਵਾਲ ਦਾ ਜਵਾਬ ਨਹੀਂ ਦੇਣਾ ਚਾਹੀਦਾ ਕਿਉਂਕਿ ਲਿਖਤੀ ਬਿਆਨ ਨੂੰ ਤਰੋੜਨ ਮਰੋੜਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਕਈ ਅਖ਼ਬਾਰਾਂ ਨੇ ਜਥੇਦਾਰ ਦੇ ਬਿਆਨ ਨੂੰ "ਯੂ-ਟਰਨ" ਲਿਖਿਆ ਹੈ ਜਦੋਂ ਕਿ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਖ਼ਾਲਿਸਤਾਨ ਦੇ ਨਾਂ 'ਤੇ ਨੌਜਵਾਨਾਂ ਨੂੰ ਵਰਗਲਾ ਕੇ ਹੋਰ ਪਾਸੇ ਨਾ ਲੈ ਜਾਣ, ਇਸ ਲਈ ਜਥੇਦਾਰ ਦਾ ਦੂਜਾ ਬਿਆਨ ਜ਼ਰੂਰੀ ਸੀ ਕਿਉਂਕਿ ਪਹਿਲਾਂ ਵੀ ਸਿੱਖਾਂ ਨੇ ਬਹੁਤ ਸੰਤਾਪ ਹੰਢਾਇਆ ਹੈ। ਭਾਵੇਂ ਕਿ ਆਪਣੇ ਘਰ ਦੀ ਮੰਗ (ਖ਼ਾਲਿਸਤਾਨ) ਜਾਇਜ਼ ਹੈ ਪਰ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਦੂਜੇ ਬਿਆਨ ਵਿੱਚ ਨੌਜਵਾਨਾਂ ਨੂੰ ਰਾਜਸੀ ਤਾਕਤ ਇਕੱਠਾ ਕਰਨ ਵਾਲੀ ਗੱਲ ਬਹੁਤ ਵਧੀਆ ਹੈ।
ਐਡਵੋਕੇਟ ਜਸਵਿੰਦਰ ਸਿੰਘ ਨੇ ਕਿਹਾ ਕਿ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਅਸਿੱਧੇ ਤੌਰ 'ਤੇ ਅਕਾਲੀ ਦਲ ਦੀ ਭਾਵਨਾ ਬਾਰੇ ਵੀ ਬਿਆਨਿਆ ਹੈ ਅਤੇ ਨੌਜਵਾਨਾਂ ਨੂੰ ਕਿਹਾ ਹੈ ਕਿ ਅਕਾਲੀ ਦਲ ਹੁਣ ਸਿੱਖਾਂ ਦੀ ਤਰਜਮਾਨੀ ਨਹੀਂ ਕਰ ਰਿਹਾ, ਇਸ ਲਈ ਸਿੱਖ ਨੌਜਵਾਨ ਖ਼ੁਦ ਸੁਚੇਤ ਤੇ ਚਿੰਤਨ ਹੋ ਕੇ ਰਾਜਸੀ ਤੌਰ 'ਤੇ ਮਜ਼ਬੂਤ ਹੋਣ ਅਤੇ ਜਿਸ ਕਰਕੇ ਸਿੱਖਾਂ ਨੂੰ ਲਾਮਬੰਦ ਕੀਤਾ ਜਾ ਸਕੇ।
ਤੁਹਾਨੂੰ ਦੱਸ ਦਈਏ ਕਿ 14 ਜੂਨ ਨੂੰ ਜਥੇਦਾਰ ਹਰਪ੍ਰੀਤ ਸਿੰਘ ਨੇ ਖ਼ਾਲਿਸਤਾਨ ਵਾਲੇ ਬਿਆਨ ਸਬੰਧੀ ਇੱਕ ਸੱਜਰਾ ਬਿਆਨ ਜਾਰੀ ਕੀਤਾ ਸੀ। ਇਸ ਬਿਆਨ ਵਿੱਚ ਜਥੇਦਾਰ ਨੇ ਆਖਿਆ ਸੀ ਕਿ ਬਹੁਤ ਸਾਰੀਆਂ ਏਜੰਸੀਆਂ ਉਨ੍ਹਾਂ ਦੇ ਸਹੀ ਬਿਆਨ ਦਾ ਗਲਤ ਮਤਲਬ ਕੱਢ ਕੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਵਿੱਚ ਲੱਗੀਆਂ ਹੋਈਆਂ ਹਨ। ਅਜਿਹੀਆਂ ਤਾਕਤਾਂ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਸਿੱਖਾਂ ਨੂੰ ਅੱਤਵਾਦ ਦੇ ਰਾਹ 'ਤੇ ਤੋਰਣ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਸਿੱਖਾਂ ਨੂੰ ਭੜਕਾ ਰਹੀਆਂ ਹਨ।
ਇਹ ਵੀ ਪੜ੍ਹੋ : 'ਰਾਜਸੀ ਦਖ਼ਲਅੰਦਾਜ਼ੀ ਕਰਕੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਪਲਟਣਾ ਪਿਆ ਬਿਆਨ'